ਜਿਹੜੇ ਜੀਂਵਦੇ ਰਹੇ ਸੋ ਪਏ ਸੋਚੀਂ,
ਹੋਏ ਭੁੱਖ ਦੇ ਨਾਲ ਜ਼ਹੀਰ ਮੀਆਂ ।
ਬੁਰੇ ਜਿੰਨ ਹੋ ਕੇ ਸਾਨੂੰ ਪਏ ਗੋਰੇ,
ਅਸੀਂ ਜਾਣਦੇ ਸਾਂ ਕੋਈ ਕੀਰ ਮੀਆਂ ।
ਅਸਾਂ ਸ਼ਹਿਦ ਦੇ ਵਾਸਤੇ ਹੱਥ ਪਾਇਆ,
ਅੱਗੋਂ ਡੂਮਣਾ ਛਿੜੇ ਮਖੀਰ ਮੀਆਂ ।
ਸ਼ਾਹ ਮੁਹੰਮਦਾ ਰਾਹ ਨਾ ਕੋਈ ਲੱਭੇ,
ਜਿਥੇ ਚਲੀਏ ਘੱਤ ਵਹੀਰ ਮੀਆਂ ।
79
ਘਰੋਂ ਗਏ ਫ਼ਿਰੰਗੀ ਦੇ ਮਾਰਨੇ ਨੂੰ,
ਬੇੜੇ ਤੋਪਾਂ ਦੇ ਸਭ ਖੁਹਾਇ ਆਏ ।
ਛੇੜ ਆਫ਼ਤਾਂ ਨੂੰ ਮਗਰ ਲਾਇਓ ਨੇ,
ਸਗੋਂ ਆਪਣਾ ਆਪ ਗਵਾਇ ਆਏ ।
ਸੁਖੀ ਵਸਦਾ ਸ਼ਹਿਰ ਲਾਹੌਰ ਸਾਰਾ,
ਸਗੋਂ ਕੁੰਜੀਆਂ ਹੱਥ ਫੜਾਇ ਆਏ ।
ਸ਼ਾਹ ਮੁਹੰਮਦਾ ਕਹਿੰਦੇ ਨੇ ਲੋਕ ਸਿੰਘ ਜੀ,
'ਤੁਸੀਂ ਚੰਗੀਆਂ ਪੂਰੀਆਂ ਪਾਇ ਆਏ ।'
80
ਘਰੀਂ ਜਾਇ ਕੇ ਫੇਰ ਆਰਾਮ ਕੀਤਾ,
ਕਿਸੇ ਰਾਤ ਕਿਸੇ ਦੋਇ ਰਾਤ ਮੀਆਂ ।
ਪਿੱਛੋਂ ਫੇਰ ਸਰਦਾਰਾਂ ਨੇ ਸੱਦ ਭੇਜੇ,
ਜੇ ਕੋਈ ਸਿੰਘ ਸਿਪਾਹੀ ਦੀ ਜ਼ਾਤ ਮੀਆਂ ।
'ਕਿੱਥੇ ਲੁਕੋਗੇ ਜਾਇ ਕੇ ਖਾਲਸਾ ਜੀ,
ਦੱਸੋ ਖੋਲ੍ਹ ਕੇ ਅਸਲ ਦੀ ਬਾਤ ਮੀਆਂ ।'
ਸ਼ਾਹ ਮੁਹੰਮਦਾ ਫੇਰ ਇਕੱਠ ਹੋਇਆ,
ਲੱਗੀ ਚਾਨਣੀ ਹੋਰ ਕਨਾਤ ਮੀਆਂ ।