ਮੁਹਕਮ ਦੀਨ, ਸਰਦਾਰ ਨੂੰ ਲਿਖੀ ਅਰਜ਼ੀ,
'ਤੁਸਾਂ ਰਸਦ ਲੁੱਟੇ ਚੰਗੇ ਸ਼ਾਨ ਦੇ ਜੀ ।
ਦੇਹੁ ਭੇਜ ਉਰਾਰ ਸਭ ਕਾਰਖਾਨੇ,
ਅਸੀਂ ਰੱਖਾਗੇ ਨਾਲ ਰਮਾਨ ਦੇ ਜੀ ।
ਤੈਨੂੰ ਅੱਜ ਹਜ਼ੂਰ ਥੀਂ ਫ਼ਤਿਹ ਆਈ,
ਖ਼ਬਰਾਂ ਉੱਡੀਆਂ ਵਿਚ ਜਹਾਨ ਦੇ ਜੀ ।
ਸ਼ਾਹ ਮੁਹੰਮਦਾ ਵੈਰੀ ਨੂੰ ਜਾਣ ਹਾਜ਼ਰ,
ਸਦਾ ਰੱਖੀਏ ਵਿਚ ਧਿਆਨ ਦੇ ਜੀ ।'
85
ਸੱਠ ਕੋਹਾਂ ਦਾ ਪੰਧ ਸੀ ਲੁਧਿਆਣਾ,
ਰਾਤੋ ਰਾਤ ਕੀਤੀ ਟੁੰਡੇ ਦੌੜ ਮੀਆਂ ।
ਉਹ ਭੀ ਲੁੱਟਿਆ ਲਾਟ ਨੇ ਆਣ ਡੇਰਾ,
ਤੋਪਾਂ ਸਭ ਖੋਹੀਆਂ ਕੀਤੀ ਰੌੜ ਮੀਆਂ ।
ਝੱਲੀ ਅਬੂਤਬੇਲੇ ਦੀਆਂ ਪੜਤਲਾਂ ਨੇ,
ਅੱਧੀ ਘੜੀ ਲੜਾਈ ਦੀ ਸੌੜ ਮੀਆਂ ।
ਸ਼ਾਹ ਮੁਹੰਮਦਾ ਸਿੰਘ ਲੁਟਾਇ ਡੇਰਾ,
ਕਰ ਆਏ ਨੀ ਤ੍ਰੱਟੀਆਂ ਚੌੜ ਮੀਆਂ ।
86
ਪਹਿਲੇ ਹੱਲਿਓਂ ਸਿੰਘ ਜੋ ਨਿਕਲ ਨੱਠੇ,
ਪਏ ਔਝੜੀਂ ਔਝੜੀਂ ਜਾਂਵਦੇ ਨੀ ।
ਲੀੜੇ ਗਏ ਸਾਰੇ ਰਹੀ ਇਕ ਕੁੜਤੀ,
ਬਾਹਾਂ ਹਿੱਕ ਦੇ ਨਾਲ ਲਗਾਂਵਦੇ ਨੀ ।
ਅਗੋਂ ਲੋਕ ਲੜਾਈ ਦੀ ਗੱਲ ਪੁਛਣ,
ਜੀਭ ਹੋਠਾਂ ਤੇ ਫੇਰ ਦਿਖਾਂਵਦੇ ਨੀ ।
ਸ਼ਾਹ ਮੁਹੰਮਦਾ ਆਇ ਕੇ ਘਰਦਿਆਂ ਤੋਂ,
ਨਵੇਂ ਕਪੜੇ ਹੋਰ ਸਿਵਾਂਵਦੇ ਨੀ ।