ਕਈ ਸੂਰਮੇ ਮਾਰ ਕੇ ਮੋਏ ਉਥੇ,
ਜਿਨ੍ਹਾਂ ਹੱਥ ਕੀਤੇ ਤੇਗਾਂ ਨੰਗੀਆਂ ਦੇ ।
ਰਹਿੰਦੇ ਘੇਰ ਕੇ ਵਿਚ ਦਰਿਆਇ ਡੋਬੇ,
ਛੱਰਰੇ ਮਾਰ ਕੇ ਤੇ ਤੋਪਾਂ ਚੰਗੀਆਂ ਦੇ ।
ਕਹਿੰਦੇ ਨੌਕਰੀ ਕਾਸ ਨੂੰ ਅਸਾਂ ਕੀਤੀ,
ਆਖੇ ਲੱਗ ਕੇ ਸਾਥੀਆਂ ਸੰਗੀਆਂ ਦੇ ।
ਸ਼ਾਹ ਮੁਹੰਮਦਾ ਰੱਬ ਨਾ ਫੇਰ ਲਿਆਵੇ,
ਜੰਗ ਵਿਚ ਜੋ ਨਾਲ ਫ਼ਿਰੰਗੀਆਂ ਦੇ ।
94
ਕਈ ਮਾਵਾਂ ਦੇ ਪੁੱਤਰ ਨੀ ਮੋਏ ਓਥੇ,
ਸੀਨੇ ਲੱਗੀਆਂ ਤੇਜ ਕਟਾਰੀਆਂ ਨੀ ।
ਜਿਨ੍ਹਾਂ ਭੈਣਾਂ ਨੂੰ ਵੀਰ ਨਾ ਮਿਲੇ ਮੁੜ ਕੇ,
ਪਈਆਂ ਰੋਂਦੀਆਂ ਫਿਰਨ ਵਿਚਾਰੀਆਂ ਨੀ ।
ਜੰਗੀਂ ਜਿਨ੍ਹਾਂ ਦੇ ਸਿਰਾਂ ਦੇ ਮੋਏ ਵਾਲੀ,
ਖੁਲ੍ਹੇ ਵਾਲ ਤੇ ਕਰਨ ਬੇਜ਼ਾਰੀਆਂ ਨੀ ।
ਸ਼ਾਹ ਮੁਹੰਮਦਾ ਬਹੁਤ ਸਰਦਾਰ ਮਾਰੇ,
ਪਈਆਂ ਰਾਜ ਦੇ ਵਿਚ ਖੁਆਰੀਆਂ ਨੀ ।
95
ਲਿਖਿਆ ਤੁਰਤ ਪੈਗ਼ਾਮ ਰਾਣੀ ਜਿੰਦ ਕੌਰਾਂ,
'ਕੋਈ ਤੁਸਾਂ ਨੇ ਦੇਰ ਨਹੀਂ ਲਾਵਣੀ ਜੀ ।
ਰਹਿੰਦੀ ਫੌਜ ਦਾ ਕਰੋ ਇਲਾਜ ਕੋਈ,
ਕਾਬੂ ਤੁਸਾਂ ਬਗੈਰ ਨਾ ਆਵਣੀ ਜੀ ।
ਮੇਰੀ ਜਾਨ ਦੇ ਅਬ ਹੋ ਤੁਸੀਂ ਰਾਖੇ,
ਪਾਓ ਵਿਚ ਲਾਹੌਰ ਦੇ ਛਾਵਣੀ ਜੀ ।
ਸ਼ਾਹ ਮੁਹੰਮਦਾ ਅੱਜ ਮੈਂ ਲਿਆ ਬਦਲਾ,
ਅੱਗੇ ਹੋਰ ਕੀ ਰੱਬ ਨੂੰ ਭਾਵਣੀ ਜੀ ।'