ਹੁੰਦੇ ਆਏ ਨੀ ਰੰਨਾਂ ਦੇ ਧੁਰੋਂ ਕਾਰੇ,
ਰਾਵਣ ਲੰਕਾ ਦੇ ਵਿਚ ਮਰਵਾਇ ਦਿਤਾ ।
ਕੈਰੋਂ ਪਾਂਡਵਾਂ ਨਾਲ ਕੀ ਭਲਾ ਕੀਤਾ,
ਠਾਰਾਂ ਖੂਹਣੀਆਂ ਕਟਕ ਮੁਕਾਇ ਦਿਤਾ ।
ਰਾਜੇ ਭੋਜ ਦੇ ਉਤੇ ਅਸਵਾਰ ਹੋਈਆਂ,
ਮਾਰ ਅੱਡੀਆਂ ਹੋਸ਼ ਭੁਲਾਇ ਦਿਤਾ ।
ਸ਼ਾਹ ਮੁਹੰਮਦਾ ਏਸ ਰਾਣੀ ਜਿੰਦ ਕੌਰਾਂ,
ਸਾਰੇ ਦੇਸ਼ ਦਾ ਫਰਸ਼ ਉਠਾਇ ਦਿਤਾ ।
103
ਰੱਬ ਚਾਹੇਗਾ ਤਾਂ ਕਰੇਗਾ ਮਿਹਰਬਾਨੀ,
ਹੋਇਆ ਸਿੰਘਾਂ ਦਾ ਕੰਮ ਅਰਾਸਤਾ ਈ ।
ਵੱਡੀ ਸਾਂਝ ਹੈ ਹਿੰਦੂਆਂ ਮੁਸਲਮਾਨਾਂ,
ਉਹ ਦੇ ਨਾਲ ਨਾ ਕਿਸੇ ਦਾ ਵਾਸਤਾ ਈ ।
ਉਹਦੇ ਨਾਲ ਨਾ ਬੈਠ ਕੇ ਗੱਲ ਕਰਨੀ,
ਖੁਦੀ ਆਪਣੀ ਵਿਚ ਮਹਾਸਤਾ ਈ ।
ਸ਼ਾਹ ਮੁਹੰਮਦਾ ਦੌਲਤਾਂ ਜਮ੍ਹਾਂ ਕਰਦਾ,
ਸ਼ਾਹੂਕਾਰ ਦਾ ਜਿਵੇਂ ਗੁਮਾਸ਼ਤਾ ਈ ।
104
ਜਿਹੜੀ ਹੋਈ ਸੋ ਲਈ ਹੈ ਵੇਖ ਅੱਖੀਂ,
ਅਗੇ ਹੋਰ ਕੀ ਬਣਤ ਬਣਾਵਣੀ ਜੀ ।
ਇਕ ਘੜੀ ਦੀ ਕੁਝ ਉਮੈਦ ਨਾਹੀਂ,
ਕਿਸੇ ਲਈ ਹਾੜੀ ਕਿਸੇ ਸਾਵਣੀ ਜੀ ।
ਨਿਕੇ ਪੋਚ ਹੁਣ ਬੈਠ ਕੇ ਕਰਨ ਗੱਲਾਂ,
ਡਿਠੀ, ਅਸਾਂ ਫ਼ਿਰੰਗੀ ਦੀ ਛਾਵਣੀ ਜੀ ।
ਸ਼ਾਹ ਮੁਹੰਮਦਾ ਨਹੀਂ ਮਾਲੂਮ ਸਾਨੂੰ,
ਅਗੇ ਹੋਰ ਕੀ ਖੇਡ ਰਚਾਵਣੀ ਜੀ ।