ਮੱਥੇ ਮਹਿਰਾਬ ਟਿਕਾਇਓ ਰੇ;
ਅਬ ਕਿਉਂ ਸਾਜਨ ਚਿਰ ਲਾਇਓ ਰੇ?
ਪ੍ਰੇਮ ਨਗਰ ਦੇ ਉਲਟੇ ਚਾਲੇ,
ਖ਼ੂਨੀ ਨੈਣ ਹੋਏ ਖੁਸ਼ਹਾਲੇ,
ਆਪੇ ਆਪ ਫਸੇ ਵਿੱਚ ਜਾਲੇ,
ਫਸ ਫਸ ਆਪ ਕੁਹਾਇਓ ਰੇ;
ਅਬ ਕਿਉਂ ਸਾਜਨ ਚਿਰ ਲਾਇਓ ਰੇ?
ਦੁੱਖ ਬਿਰਹੋਂ ਨਾ ਹੋਣ ਪੁਰਾਣੇ,
ਜਿਸ ਤਨ ਪੀੜਾਂ ਸੋ ਤਨ ਜਾਣੇ,
ਅੰਦਰ ਝਿੜਕਾਂ ਬਾਹਰ ਤਾਅਨੇ,
ਨੇਹੁੰ ਲਗਿਆਂ ਦੁੱਖ ਪਾਇਓ ਰੇ;
ਅਬ ਕਿਉਂ ਸਾਜਨ ਚਿਰ ਲਾਇਓ ਰੇ?
ਮੈਨਾ ਪਾਲਣ ਰੋਂਦੀ ਪਕੜੀ,
ਬਿਰਹੋਂ ਪਕੜੀ ਕਰਕੇ ਤਕੜੀ,
ਇੱਕ ਮਰਨਾ ਦੂਜੀ ਜੱਗ ਦੀ ਫੱਕੜੀ,
ਹੁਣ ਕੌਣ ਬੰਨਾ ਬਣ ਆਇਓ ਰੇ;
ਅਬ ਕਿਉਂ ਸਾਜਨ ਚਿਰ ਲਾਇਓ ਰੇ?
ਬੁੱਲ੍ਹਾ ਸ਼ੌਹ ਸੰਗ ਪ੍ਰੀਤ ਲਗਾਈ,
ਸੋਹਣੀ ਬਣ ਤਣ ਸਭ ਕੋਈ ਆਈ,
ਵੇਖ ਕੇ ਸ਼ਾਹ ਇਨਾਇਤ ਸਾਈਂ,
ਜੀਅ ਮੇਰਾ ਭਰ ਆਇਓ ਰੇ;
ਅਬ ਕਿਉਂ ਸਾਜਨ ਚਿਰ ਲਾਇਓ ਰੇ?