ਬਾਬਲ ਗੰਢੀਂ ਪਾਈਆਂ,
ਦਿਨ ਥੋੜੇ, ਪਾਏ,
ਦਾਜ ਵਿਹੂਨੀ ਮੈਂ ਚਲੀ,
ਮੁਕਲਾਊੜੇ ਆਏ ।1।
ਯਾ ਮਉਲਾ ਯਾ ਮਉਲਾ,
ਫਿਰ ਹੈ ਭੀ ਮਉਲਾ ।1।ਰਹਾਉ।
ਗੰਢਾਂ ਖੁਲਣਿ ਤੇਰੀਆਂ,
ਤੈਨੂੰ ਖ਼ਬਰ ਨ ਕਾਈ,
ਇਸ ਵਿਛੋੜੇ ਮਉਤ ਦੇ,
ਕੋਈ ਭੈਣ ਨ ਭਾਈ ।2।
ਆਵਹੁ ਮਿਲਹੁ ਸਹੇਲੜੀਓ,
ਮੈਂ ਚੜਨੀ ਹਾਂ ਖਾਰੇ,
ਵੱਤ ਨ ਮੇਲਾ ਹੋਸੀਆਂ,
ਹੁਣ ਏਹੋ ਵਾਰੇ ।3।
ਮਾਂ ਰੋਵੰਦੀ ਜ਼ਾਰ ਜ਼ਾਰ,
ਭੈਣ ਖਰੀ ਪੁਕਾਰੇ,
ਅਜ਼ਰਾਈਲ ਫ਼ਰੇਸ਼ਤਾ
ਲੈ ਚਲਿਆ ਵਿਚਾਰੇ ।4।
ਇਕ ਅਨ੍ਹੇਰੀ ਕੋਠੜੀ
ਦੂਜਾ ਦੀਵਾ ਨ ਬਾਤੀ,
ਬਾਹੋਂ ਪਕੜ ਜਮ ਲੈ ਚਲੇ,
ਕੋਈ ਸੰਗ ਨ ਸਾਥੀ ।5।
ਖੁਦੀ ਤਕੱਬਰੀ ਬੰਦਿਆ ਛੋਡਿ ਦੇ,
ਤੂੰ ਪਕੜ ਹਲੀਮੀ,
ਗੋਰ ਨਿਮਾਣੀ ਨੂੰ ਤੂੰ ਯਾਦਿ ਕਰਿ,
ਤੇਰਾ ਵਤਨ ਕਦੀਮੀ ।6।
ਹੱਥ ਮਰੋੜੇਂ ਸਿਰ ਧੁਣੇ,
ਵੇਲਾ ਛਲਿ ਜਾਸੀ,
ਕਹੈ ਹੁਸੈਨ ਫ਼ਕੀਰ ਨਿਮਾਣਾ,
ਮਿਤ੍ਰ ਹੋਇ ਉਦਾਸੀ 7।