ਅਕਥ ਕਥਾ ਲੇ ਸਮ ਕਰਿ ਰਹੈ ॥
ਤਉ ਨਾਨਕ ਆਤਮਰਾਮ ਕਉ ਲਹੈ ॥੬੨॥
ਰਾਮਕਲੀ ਮ: ੧ ਸਿਧ ਗੋਸਟਿ, ਪੰਨਾ ੯੪੫
ਭਾਵ, ਵਾਹਿਗੁਰੂ ਨਾਮ ਦੀ ਅਕੱਥ ਕਥਾ ਗੁਰ-ਦੀਖਿਆ, ਗੁਰੂ ਰੂਪ ਪੰਜਾਂ ਪਿਆਰਿਆਂ ਦੁਆਰਾ ਲੈ ਕੇ, ਫਿਰ ਉਸ ਗੁਰ-ਦੀਖਿਆ ਰੂਪੀ ਅਕੱਥ ਕਥਾ (ਵਾਹਿਗੁਰੂ ਨਾਮ ਦੇ ਖੰਡਾ ਖੜਕਾਂਉਣ ਵਿਚਿ) ਲਗਾਤਾਰ ਲਗਾ ਹੀ ਰਹੇ ਤਾਂ ਜਾਂ ਕੇ ਆਤਮ ਰਾਮ ਰੂਪੀ ਪ੍ਰਮਾਤਮਾ ਨੂੰ ਪ੍ਰਾਪਤ ਹੋਈਦਾ ਹੈ । ਬਸ ਨਾਮ ਦਾ ਜਪੀ ਜਾਣਾ ਹੀ ਅਕੱਥ ਕਥਾ ਕਰਨਾ ਹੈ । ਇਉਂ ਅਖੰਡਾਕਾਰ ਵਾਹਿਗੁਰੂ ਜਾਪ ਵਾਲੀ ਅਕੱਥ ਕਥਾ ਵਿਚ ਲੀਨ ਹੋ ਕੇ ਵਾਹਿਗੁਰੂ ਨੂੰ ਮਿਲੀਦਾ ਹੈ। ਹੋਰ ਗਲੀਂ ਬਾਤੀਂ ਅਰਥ- ਬੁਝਾਰਤਾਂ ਪਾ ਕੇ ਕੋਈ ਨਹੀਂ ਮਿਲ ਸਕਦਾ ।
ਪਵਨ ਅਰੰਭੁ ਸਤਿਗੁਰ ਮਤਿ ਵੇਲਾ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥
ਅਕਥ ਕਥਾ ਲੇ ਰਹਉ ਨਿਰਾਲਾ॥ ਨਾਨਕ ਜੁਗਿ ਜੁਗਿ ਗੁਰ ਗੋਪਾਲਾ ॥
ਏਕੁ ਸਬਦੁ ਜਿਤੁ ਕਥਾ ਵੀਚਾਰੀ ॥ ਗੁਰਮੁਖਿ ਹਉਮੈ ਅਗਨਿ ਨਿਵਾਰੀ ॥੪੪॥
ਰਾਮਕਲੀ ਮ: ੧ ਸਿਧ ਗੋਸਟਿ, ਪੰਨਾ ੯੪੩
ਇਹ ਗੁਰੂ ਬਾਬੇ ਗੁਰੂ ਨਾਨਕ ਦਾ ਕਥਨ ਸਿੱਧਾਂ ਦੇ ਉਸ ਪ੍ਰਸ਼ਨ ਦੇ ਉਤਰ ਵਿਚਿ ਹੈ ਜਦੋਂ ਸਿੱਧਾਂ ਨੇ ਪੁਛਿਆ ਗੁਰੂ ਬਾਬੇ ਤੋਂ-
ਕਵਣੁ ਮੂਲੁ ਕਵਣ ਮਤਿ ਵੇਲਾ॥ ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ ॥
ਕਵਣ ਕਥਾ ਲੇ ਰਹਹੁ ਨਿਰਾਲੇ ॥ ਬੋਲੈ ਨਾਨਕੁ ਸੁਣਹੁ ਤੁਮ ਬਾਲੇ॥