ਭੇਟਾ
ਦਿਲ ਨਿੱਕਾ ਜਿਹਾ,
ਅੱਜ ਦਾ ਬਹੂੰ ਵੱਡਾ ਆਇਆ ਹੈ,
ਅਨੰਦਪੁਰੇ ਵਿਚ ਬਾਬੇ ਬਾਜਾਂ ਵਾਲੇ ਦਾ ਦਰਬਾਰ, ਦਿੱਸਦਾ,
ਦਿਲ ਦੀ ਟੋਹ ਨੂੰ,
ਉਹ ਰੌਣਕ ਇਲਾਹੀ ਮੇਰੇ ਦਿਲ ਦੀ ਕੰਗਿਰੀ 'ਤੇ ਵੱਜੀ ਹੈ,
ਦਿਲ ਮੇਰਾ ਚਮਕ ਉੱਠਿਆ;
ਅਨੰਦਪੁਰੇ ਪ੍ਰੀਤਮ ਪਿਆਰਾ ਮਿੱਤਰ ਕਵੀਆਂ ਦੀ ਰਚਨਾ ਨੂੰ ਸੁਣ ਰਿਹਾ !
ਕੋਮਲ ਉਨਰਾਂ ਦੇ ਰੰਗਾਂ ਦਾ ਸਰਵੱਗਯ ਪਾਰਖੀ,
“ਠਹਿਰ ਭਾਈ ! ਜ਼ਰਾ, ਠਹਿਰੋ,
ਇਕ ਬਾਲ ਦੀ ਆਵਾਜ਼ ਦੀ ਠੰਢ ਜਿਹੀ ਆਈ ਹੈ"
ਮੈਂ ਬਾਲ-ਜੋਸ਼ ਵਿਚ ਅੱਗੇ ਵਧਿਆਂ,
ਤੇ ਚਰਨਾਂ 'ਤੇ ਰੱਖੀ ਜਾ ਇਹ ਸੈਂਚੀ !
ਮੈਨੂੰ ਥਾਪੀ ਸਾਈਂ ਦੀ ਹੁਣੇ ਮਿਲੀ ਹੈ,
ਮੇਰੀ ਸੈਂਚੀ ਕਬੂਲ ਹੋਈ,
"ਇਕ ਬਾਲ ਦੀ ਆਵਾਜ਼ ਦੀ ਠੰਢ ਜਿਹੀ ਆਈ ਹੈ"