ਸੁੱਚੇ ਤੇ ਪਵਿੱਤ੍ਰ ਜੀਵਨ, "ਸੱਚੀ ਜ਼ਿੰਦਗੀ" ਦਿਖਾ ਦੇਂਦੇ ਹਨ ! ਫੇਰ ਪੁਰਾਣੇ ਮਰ ਚੁੱਕੇ ਧਰਮ ਦੇ ਆਗੂ, ਮੁਰਦਾ ਪੁਜਾਰੀ ਤੇ ਪੂਜਾ ਦੇ ਧਨ ਤੇ ਪਲ ਰਹੇ ਲੋਕੀਂ, ਜਿਨ੍ਹਾਂ ਵਿਚ ਧਰਮ ਦੀ ਆਂਚ ਮੁਕ ਚੁੱਕ ਹੁੰਦੀ ਹੈ, ਘਬਰਾਂਦੇ ਹਨ, ਕਿਉਂਕਿ ਲੋਕਾਂ ਦੀ ਸ਼ਰਧਾ ਇਨ੍ਹਾਂ ਦੀ ਮੁਰਦਾ ਪ੍ਰਸਤੀ ਤੋਂ ਹਟ ਕੇ ਜੀਊਂਦੀ ਜ਼ਿੰਦਗੀ ਵਲ ਪਲਟਾ ਖਾਂਦੀ ਹੈ, ਇਹ ਫੇਰ ਉਨ੍ਹਾਂ ਨਾਲ ਈਰਖਾ ਕਰਦੇ ਹਨ ! ਤਿਨਾਂ ਦੀ ਈਰਖਾ ਦੀ ਪੇਸ਼ ਨਹੀਂ ਜਾਂਦੀ,ਫੇਰ ਇਹ ਵਕਤ ਦੇ ਹਾਕਮਾਂ ਨੂੰ ਕੋਈ ਬੁੱਤਾ,ਧੋਖਾ, ਲਾਲਚ ਦੇ ਕੇ ਨਾਲ ਰਲਾਂਦੇ ਹਨ। ਰਾਜਾ ਨਾਲ ਨਾ ਰਲੇ ਤਾਂ ਰਾਜਾ ਨੂੰ ਰਾਜ-ਭੈ ਦਸਦੇ ਹਨ ਕਿ ਇਹ ਲੋਕ ਬਹੁਤ ਹੋ ਗਏ ਹਨ, ਆਪੋ ਵਿਚ ਏਕੇ ਵਾਲੇ ਹਨ, ਐਸਾ ਨਾ ਹੋਵੇ ਕੋਈ ਰਾਜ ਉਪੱਦ੍ਰਵ ਕਰ ਦੇਣ । ਇਸ ਤਰ੍ਹਾਂ ਫੇਰ ਰਾਜਾ ਉਨ੍ਹਾਂ ਜੀਉਂਦਿਆਂ ਲੋਕਾਂ ਪਰ ਸਖਤੀ ਕਰਦਾ ਹੈ, ਉਹ ਉੱਤਰ ਨਹੀਂ ਦੇਂਦੇ, ਝਲਦੇ ਝਲਦੇ ਮਰ ਮਿਟਦੇ ਹਨ, ਐਉਂ ਜੋਤ ਜਗ ਜਗ ਕੇ ਬੁਝਦੀ ਹੈ, ਫੇਰ ਜਗਦੀ ਹੈ, ਫੇਰ ਬੁਝਦੀ ਹੈ । ਖਾਲਸੇ ਦੇ ਖਿਆਲ ਵਿਚ, ਖਾਲਸੇ ਦੇ ਆਦਰਸ਼ ਵਿਚ ਇਹ ਗੱਲ ਹੁਣ ਹੋਰਵੇਂ ਹੈ । ਉਹ ਇਉਂ ਹੈ ਕਿ ਜਦ ਅੰਦਰ ਜੋਤ ਜਗ ਪਈ, ਤਦ ਹੋਰਨਾਂ ਅੰਦਰ ਜੋਤ ਜਗਾ ਕੇ ਉਨ੍ਹਾਂ ਨੂੰ ਖਾਲਸੇ ਬਣਾਨਾ ਹੈ, ਤੇ ਇਸ ਕੰਮ ਵਿਚ ਉਤਸਾਹ ਤੇ ਉਮਾਹ ਅੰਦਰਲਾ ਰੱਬੀ ਪਿਆਰ ਵਾਲਾ ਹੋਣਾ ਹੈ । ਜਦੋਂ ਰੋਕਾਂ ਪੈਣ, ਜ਼ੁਲਮ ਹੋਵੇ, ਤਦ ਨਿਰਵੈਰ ਰਹਿਣਾ ਹੈ, ਪਰ ਨਿਰਵੈਰ ਰਹਿਣ ਲਈ ਜੰਗਲਾਂ ਵਿਚ ਲੁਕਣਾ ਨਹੀਂ, ਭੱਜ ਨਹੀਂ ਜਾਣਾ ਮਰ ਨਹੀਂ, ਜਾਣਾ ਸਗੋਂ, ਤਦੋਂ ਨਾਲ 'ਨਿਰਭਉ' ਰਹਿਣਾ ਹੈ। ਭੈ ਨਹੀਂ ਮੰਨਣਾ, ਭੈ ਦਾ ਸਮਾਂ ਆਵੇ ਤਾਂ ਸੁਰਤਿ ਉੱਚੀ ਹੋ ਕੇ ਦੁਖ ਝੱਲੇ, ਜੇ ਭਰਾਵਾਂ (ਜਾਗ ਪਿਆ) ਤੇ ਕਸ਼ਟ ਪਏ ਤਾਂ ਇਹ ਸਰੀਰ ਮਿੱਥਿਆ ਹੈ, ਉਨ੍ਹਾਂ ਦੀ ਰਾਖੀ ਤੇ ਇਹ ਲਾ ਦੇਵੇ, ਇਉਂ ਲੋੜ ਪਏ ਤੇ ਸਰੀਕ ਲਾ ਕੇ ਵੀ ਰਖਿਆ ਕਰਨ, ਭਲੇ ਕਰਨ ਦਾ ਉਮਾਹ ਪਿਆਰ ਤੇ ਜ਼ਿੰਦਗੀ ਦੇ ਹੁਲਾਰੇ ਵਿਚ ਝੁਲੇਗਾ । ਇਹ ਹੁਲਾਰਾ ਹੁਣ ਖ਼ਾਲਸੇ ਨੇ ਵਰਤਣਾ ਹੈ ਤੇ ਜ਼ੁਲਮ, ਮੂਰਖਤਾ ਤੇ ਅਗਿਆਨ ਦੇ ਅੱਗੇ ਧਰਮ ਤੇ ਧਰਮੀਆਂ ਨੂੰ ਤਬਾਹ ਨਹੀਂ ਹੋਣ ਦੇਣਾ । ਸੋ ਇਹ ਆਦਰਸ਼ ਖ਼ਾਲਸੇ ਨੂੰ ਅਨਿਆਏ ਦੇ ਧੱਕੇ ਦੇ ਕੱਟਣ ਵਾਸਤੇ ਸ਼ਮਸ਼ੇਰ ਧਾਰੀ ਬਣਾਂਦਾ ਹੈ ।
ਖ਼ਾਲਸੇ ਵਿਚ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਤੋਂ ਖ਼ਾਲੀ ਮੁਰਦਾਪਨ ਦਾ ਜੋਗ ਨਹੀਂ ਰਹੇਗਾ, ਪਰ ਸਾਰੇ ਅੰਦਰਲੇ ਮਹਾਂ ਬਲੀ ਇਸ ਦੇ ਨੌਕਰ ਹੋ ਵਰਤਣਗੇ । ਸਾਹਿਬ ਇਨ੍ਹਾਂ ਦੀ ਹੋਵੇਗੀ, ਨੌਕਰੀ ਤਾਕਤਾਂ ਦੀ ਹੋਵੇਗੀ । ਲੋਭ ਰਹੇਗਾ, ਪਰਮੇਸ਼ਰ ਨਾਲ ਲੋਕਾਂ ਨੂੰ ਜੋੜਨ ਦਾ । ਕਾਮ ਕਾਮਨਾ ਰਹੇਗੀ, ਹਰ ਵੇਲੇ ਸਾਈਂ ਨਾਲ ਅੰਤਰ- ਆਤਮੋ