'ਮੈਂ' ਦਾ ਗੀਤ ਗਾਇਆ ਜਰਮਨੀ ਦੇ ਨਿਤਸ਼ੇ,
ਗੀਤਾਂ ਦੇ ਗੀਤ ਥੀਂ ਵੀ ਵੱਖਰਾ,
ਮੇਰਾ ਗੀਤ ਹੋਰ ਹੈ,
ਉਹ ਵੀ ਮੈਂ ਦਾ ਗੀਤ ਹੋਰ ਵਖਰਾ,
ਉਪਨਿਖਦਾਂ ਦੀ ਬ੍ਰਹਮ 'ਮੈਂ' ਦਾ ਗੀਤ ਨਾਂਹ,
ਮੈਂ ਗੁਰ-ਸਿੱਖ 'ਅ+ ਮੈਂ" ਅੱਜ ਗਾਉਂਦਾ !
ਮੈਂ ਨੂੰ ਫਲਸਫਾ ਮਾਰਦਾ,
ਬੇਹੋਸ਼ ਕਰ ਸੁੱਟਦਾ, ਇਹ ਇਕ ਜ਼ਹਿਰ ਹੈ,
ਥੋੜਾ, ਥੋੜਾ, ਜੀਵਨ ਨਾਲ, ਅੱਧਾ ਇਕ ਘੁੱਟ ਜਿਹਾ ਭਰਨਾ ਠੀਕ ਵੀ,
ਫ਼ਲਸਫ਼ਾ ਸਾਰੇ, ਆਰਟ ਸਾਰੇ,
ਅੰਦਰ ਜਗੀ ਜੋਤ ਬਿਨਾਂ ਸਭ ਹਨੇਰਾ ਹਨੇਰਾ,
ਗੁਰੂ-ਸੁਰਤਿ, ਸਿਖ-ਸੁਰਤਿ ਵਿਚ ਕਿੰਜ ਖੇਡਦੀ ਆਦਮੀ ਬਣਾਨ ਨੂੰ,
ਮੈਂ ਤਾਂ ਅੱਜ ਚਰਨ ਕਮਲ ਸੰਗ ਜੁੜੀ
ਜੋੜਿਆਂ ਨੈਣਾਂ ਨੂੰ ਵੇਖਦਾ,
ਵੇਖ, ਵੇਖ ਮੈਂ ਚੀਖ --ਗੀਤ ਗਾਉਂਦਾ,
ਸਿਖ 'ਅਮੈਂ' ਦਾ ਗੀਤ ਸਾਰਾ ਗੂੰਜਦਾ,
ਦਿਲ ਭਰਦਾ ਮੇਰਾ, ਵਾਂਗ ਵਾਦੀਆਂ,
ਜਿਥੇ ਚੱਲਣ-ਭਾਰੀ ਗਾਂਦੀਆਂ ਜਾਂਦੀਆਂ ਨਦੀਆਂ,
ਅੰਦਾਜ਼ ਮੇਰੇ ਗਾਣ ਦਾ ਮੈਂ ਨਹੀਂ ਬਣਾਇਆ,
ਇਹੋ ਜਿਹਾ ਬਣਿਆ, ਵਾਜ ਨਿਕਲਿਆ,
ਪੂਰਾ ਰਾਗ ਅੰਦਰ ਫਸਿਆ, ਸੁਰਾਂ ਟੁੱਟ ਭੱਜ ਨਿਕਲੀਆਂ,
ਇਸ ਟੁੱਟੀ ਭੱਜੀ ਜਿਹੀ ਸਾਬਤੀ ਵਿਚ ਰਾਗ ਮੇਰਾ ਛਿੜਿਆ ਹੈ,
ਇਸ ਵਿਚ ਨਹੀਂ, ਸੱਚੀ,
ਉਹ ਆਪ ਦੇ ਅੰਦਰ ਅੰਦਰ ਛਿੜਿਆ ਹੈ, ਅੰਦਰ ਅੰਦਰ ਕੂਕਦਾ,
ਗਲੇ ਵਿਚ, ਦਿਲ ਵਿਚ ਆਪ ਦੇ,
ਮੇਰੇ ਇਸ ਗੀਤ ਦਾ ਅਲਾਪ ਪੂਰਾ ਮੈਨੂੰ ਪਿਆ ਦਿੱਸਦਾ,
ਜਿਵੇਂ ਮੇਰੇ ਦਿਲ ਵਿਚ ਸਾਰਾ ਪੂਰਾ ਵੱਸਦਾ,