ਸਾਰੀ ਉਮਰ ਖੇਡ ਜਿਹੀ ਵਿਚ ਲੰਘੀ, ਨਾਮ ਦੀਆਂ ਬੱਤੀਆਂ ਬਾਲਦੇ, ਸ਼ਹਿਰ,
ਸ਼ਹਿਰ ਫਿਰਿਆ, ਮੁਲਕ ਮੁਲਕ ਘੁੰਮਿਆ, ਹਫਿਆਂ, ਨਾਮ ਦਾ ਫਰਰਾ
ਉੱਚਾ ਉੱਚਾ ਲਹਿਰਾਂਦੇ !
ਨਾਮ ਇਕ ਵਹਿਮ ਸੀ,
ਉਮਰ ਸਾਰੀ ਵਹਿਮ ਦੇ ਕੰਮ ਕਰਕੇ ਹਾਰੀ ।
ਮੈਂ ਕੋਈ ਹੋਰ ਹਾਂ,
ਹੁਣ ਮੈਨੂੰ ਆਪਣੀ ਸਾਰੀ ਨੁਹਾਰ ਪੂਰੀ,
ਦਰਿਆਵਾਂ, ਪਰਬਤਾਂ, ਘਾਹਾਂ ਵਿਚ ਦਿੱਸਦੀ,
ਫੁੱਲਾਂ ਵਿਚ ਲਹੂ ਮੇਰਾ,
ਉਨ੍ਹਾਂ ਦਾ ਲਹੂ ਮੇਰੇ ਵਿਚ !
ਹੱਡੀਆਂ ਮੇਰੀਆਂ ਹਿਮਾਲਾ ਦੀ ਕੜੀਆਂ, ਸਿੱਧੀਆਂ ਗ੍ਰੈਨਾਈਟ (ਬੱਜਰ) ਦੇ ਹੱਡਾ
ਨਾਲ ਵਜ ਵਜ ਕੂਕਦੀਆਂ--"ਇਹ ਮੈਂ ਹਾਂ"-
ਖੁਲ੍ਹੇ ਮੈਦਾਨਾਂ ਦੇ ਘਾਹ
ਮੇਰੇ ਕੇਸਾਂ ਦਾ ਨਾਮ ਪਏ ਲੈਂਦੇ,
ਕੰਨੀਂ ਸੁਣੀਆਂ ਮੈਂ ਸਭ ਕੰਨਸੋਆਂ !
ਰਾਤ ਦੀ ਅੱਖ ਵਿਚ ਮੇਰਾ,ਮੇਰਾ ਸੁਫਨਾ,
ਅਸਗਾਹ ਨੀਲਾਣ ਵਿਚ ਮੇਰੇ ਮਨ-ਗਗਨਾਂ ਦਾ ਝਾਵਲਾ !
ਮੈਂ ਇੰਨਾਂ ਅਨੰਤ ਜਿਹਾ ਦਿੱਸਦਾ,
ਸਾਰਾ ਜਗ ਮੇਰੇ ਸੁਫਨੇ ਦੇ ਪੇਚ ਵਿਚ
ਜਗ ਥੀਂ ਵੀ ਹੋਰ ਕੁਝ ਹਾਲੇ ਮੈਂ ਕੁਝ ਹੋਰ ਹਾਂ,
ਮੇਰਾ ਨਿੱਕਾ ਜਿਹਾ ਨਾਮ ਕਿਉਂ ਰੱਖਿਆ,
ਸਭ ਥੀਂ ਕੱਟ ਕੇ, ਪਾੜ ਕੇ, ਚੀਰ ਕੇ, ਲੀਰ ਜਿਹੀ ਆਕਾਸ਼ ਨਾਲੋਂ ਇਸ ਨਾਮ
ਦੀ ਨਿਕਾਣ ਵਿਚ ਮੁੜ, ਮੁੜ, ਰੱਖਿਆ ! ਮੁੜ ਮੁੜ ਢੱਕਿਆ !
ਇਹ ਕੀ ?