ਘੜੀ, ਘੜੀ ਬਣਨਾ, ਬਿਨਸਨਾ, ਮਰਣ ਜੀਣ ਤਾਂ ਇੱਕ ਘੜੀ ਅਕਹਿ ਜਿਹਾ
ਨਾਚ ਬੁਦਬੁਦਿਆਂ ਦਾ !
ਉਹ ਨੱਚਣਾ ਖ਼ੁਸ਼ੀ ਵਿਚ, ਉੱਠਣਾ, ਭੱਜਣਾ ਪਾਣੀਆਂ ਟੁਰਦਿਆਂ 'ਤੇ
ਹੋਣਾ-ਨ-ਹੋਣਾ ਬਰਾਬਰ ਹਰ ਪਾਸਿਓਂ,
ਤੇ ਮੁੜ ਲੱਖਾਂ ਵਿਚ ਹਰ ਇਕ ਵੱਖਰੇ ਬੁਦਬੁਦੇ ਦਾ ਨਾਚ ਆਪਣਾ,
ਇਨ੍ਹਾਂ ਘੜੀ ਦੀ ਘੜੀ ਖ਼ੁਸ਼ੀਆਂ ਕਰਨ ਲਈ,
ਇਸ ਦੁਖ-ਸੁਖ ਜੀਣ ਮਰਣ, ਦੇ ਮਿਲਵੇਂ ਅਨੰਦ ਨਿਤਯ ਦੇ ਕਰਮ ਲਈ
ਵੀ ਕਿਧਰੇ ਸੁਹਣੀ ਜਿਹੀ ਫਾਂਸੀ ਕਰਮ ਦੀ ਲਟਕੀ ਪਈ ਹੈ !
ਤੇ ਕਿਸ ਲਟਕਾਈ ਹੈ ?
२
ਹੀਆ ਵੱਡਾ ਲੋੜੀਏ,
ਮੇਰੇ ਮੱਥੇ ਕਰਮ ਲਿਖਣੇ ਨਹੀਂ ਸੌਖੇ !
ਮੈਂ ਕੀ ਜਾਣਦਾ ਮੈਂ ਕੌਣ ?
ਪਹਿਲਾਂ ਤਾਂ ਮੈਨੂੰ ਮੇਰਾ ਪੂਰਾ, ਪੂਰਾ ਥਹੁ ਦਿਓ,
ਫਿਰ ਮੈਨੂੰ 'ਸਿਆਣ' ਦਿਓ,
ਇੱਕੋ ਜਿਹੀ, ਅੱਜ ਦੀ, ਕਲ੍ਹ ਦੀ, ਭਲਕੇ ਦੀ ।
ਮੈਂ ਕੀ ਜਾਣਦਾ, ਮੈਂ ਕੀ ਕਰਦਾ,
ਸਾਰਾ ਰੱਬ ਦਾ ਹਾਲ ਮੈਨੂੰ ਮਲੂਮ ਨਾਂਹ,
ਥੋੜਾ ਵੀ ਮਲੂਮ ਨਾਂਹ,
ਕੌਣ ਆਖਦਾ : "ਮੈਂ ਕਰਦਾ"
ਪਤਾ ਨਹੀਂ ਕੌਣ ਕਰਦਾ,
ਪਤਾ ਨਹੀਂ, ਮੈਨੂੰ ਨਹੀਂ, ਦੱਸੇ ਹੋਰ ਕੋਈ ਹੈ ਪਤਾ ਜਿਸ ਨੂੰ,
ਹਾਂ ! ਕਿਸ ਮੀਂਹ ਦੀ ਕਣੀਆਂ ਦੀ ਬੁਦਬੁਦਾ-ਖੇਡ ਮੈਂ ?
ਹਾਂ ! ਕਿਸ ਕਰਤਾਰ ਦੀ ਕਿਹੜੀ ਲੀਲਾ ਦਾ ਮੈਂ ਰੰਗ ਹਾਂ ?
ਇਸ ਦੱਸੇ ਕੌਣ ?