ਗਾਇਆ ਸੀ ਮੈਂ ਬਹੂੰ ਸੁਹਣਾ,
ਸੋਨੇ ਦੇ ਗੀਤ ਰੰਗੀਲੇ ਫਬੀਲੇ,
ਖ਼ਲਕ ਮੋਹਿਤ ਹੋ ਡਿੱਗਦੀ ਵਾਂਗ ਪਤੰਗਿਆਂ,
ਗੀਤ ਦੇ ਦੀਵੇ ਜੋ ਬਾਲੇ ਮੇਰੀ ਸੁਰਤਿ ਨੇ
ਦੌੜੀ ਸਾਰੀ ਖ਼ਲਕ ਆਈ,
ਲੋਕਾਈ ਕੂਕਦੀ, ਗਾਣ ਵਾਲਾ ਕਿਥੇ ?
ਕੀ ਇਹ ਬਲਦੇ ਦੀਵੇ ਪਏ ਗਾਉਂਦੇ ?
ਖ਼ੁਸ਼ੀ ਹੋ ਸਾਰੇ ਆਖਣ ਇਹ ਵੇਖੋ ਇਹ ਹੈ।
ਫੜ, ਫੜ, ਦਿਲਾਂ ਦੀਆਂ ਮੁੱਠੀਆਂ ਭਰਦੇ,
ਜਿਵੇਂ ਸੱਚ ਮੁੱਚ ਗਾਣ ਵਾਲਾ ਲੱਭਿਆ,
ਅੱਖਾਂ ਖੋਹਲ ਤੱਕਿਆ, ਕੁਝ ਨਹੀਂ ਸੀ ਉੱਥੇ,
ਮੁੱਠ ਖੋਹਲ ਖੋਹਲ ਤੱਕਦੇ,
ਖ਼ਾਲੀ, ਸਾਰੀਆਂ ਖ਼ਾਲੀ ਖ਼ਾਲੀ !
੮
ਓਏ ਮੈਂ ਉਡਾਰੂ ਜਿਹਾ ਰਸ ਹਾਂ,
ਮੈਂ ਕਿਸੇ ਆਲੀ ਉੱਚੀ ਸਰਕਾਰ, ਦਰਬਾਰ ਦਾ ਢਾਡੀ,
ਪੈਰ, ਹੱਥ, ਨੈਣ, ਦਿਲ, ਜਿਗਰ, ਜਾਨ ਵਾਲਾ ਪੂਰਾ,
ਮੇਰੇ ਪਿੱਛੇ ਕਿਉਂ ਲੱਗੇ ?
ਕਰਮਾਂ ਦੀ ਖੇਡ ਕਿਸੇ ਹੋਰ ਗਲੀ ਲੋਕੀਂ ਖੇਡਦੇ ।
ਮੈਂ ਕਰਮਾਂ ਦੀ ਖੇਡ ਨਹੀਂ ਖੇਡਦਾ,
ਕਰਮ ਮੇਰੇ ਉਹ ਉੱਡਦੇ ਵਾਂਗ ਟਿੱਡੀਆਂ;
ਦਿਨ ਦਿਹਾੜੀ ਹਨੇਰਾ ਪਾ ਮੈਨੂੰ ਡਰਾਉਂਦੇ,
ਪਰ ਛਿਣ, ਪਲ ਵਿਚ, ਜਦ ਮੈਂ ਡਰ ਡਰ ਮਰਦਾ,
"ਮਰਦ ਦਾ ਚੇਲਾ" ਛੱਡਦਾ ਤਿਲੀਅਰ ਆਪਣੇ, ਅਧ ਅਸਮਾਨਾਂ ਵਿਚ ਉੱਡਦੇ,
ਰੱਬ ਮੇਰਾ ਭੇਜਦਾ ਮਿਹਰਾਂ ਦੇ ਪੰਛੀ,