ਰੱਬ ਦੇ ਬੁੱਤਖਾਨੇ ਥੀਂ ਕੱਢ ਕਿਸੇ ਗੁਫਾ ਜਿਹੀ ਵਿਚ ਵਾੜਨਾ,
ਇਹ ਗੁਵਾਂਦਾ ਰਾਹ ਮੇਰੇ ਅਸਲੀ ਵਤਨ ਦਾ,
ਲੋਕੀਂ ਭੁੱਲੇ ਫਿਰ ਟੋਲਦੇ ਸਦੀਆਂ, ਰਾਹ ਨਾ ਲੱਭਦਾ, ਪ੍ਰੀਤਮ ਦੇ ਦੇਸ ਦਾ,
ਗੁਫਾ ਹਨੇਰੀ, ਵਿਚ ਘੁੰਮਣ-ਘੇਰੀਆਂ, ਭੁੱਲ ਭੁਲੱਈਆਂ !
ਮਾਰਾਂ ਰਾਹ ਦੀਆਂ ਖਾਂਦੇ,
ਭਨਾਂਦੇ ਸਿਰ, ਢਹਿ ਢਹਿ ਮਰਦੇ,
ਫਿਰ ਉੱਠਦੇ ਫਿਰ ਮਾਰੇ ਜਾਂਦੇ,
ਰੰਗ ਇਹ ਫ਼ਲਸਫ਼ਾ !
ਖੁਲ੍ਹੇ ਮੈਦਾਨਾਂ ਦੇ ਲੋਕ ਹਨੇਰੀ ਕੋਠੜੀ ਪੈਂਦੇ,
ਉੱਥੇ ਭੂਤ ਵੱਸਦੇ,
ਉਨ੍ਹਾਂ ਦੀਆਂ ਗੁਲਾਮੀਆਂ ਕਰਦੇ, ਪਾਣੀ ਢੋਂਦੇ, ਲੱਕੜਾਂ ਕੱਟਦੇ,
ਕੋਟੜੇ ਖਾਂਦੇ, ਕੁਝ ਬਣ ਨਾ ਪੈਂਦਾ,
ਰਾਹ ਨਹੀਂ ਦਿੱਸਦਾ ਬਾਹਰ ਆਣ ਨੂੰ,
ਮੁੜ ਮੁੜ 'ਰੱਬ' ਰੱਬ' ਕਰਦੇ ਮਤੇ ਕੁਝ ਬਣੇ,
ਪਰ ਅਮਰ ਕੋਈ ਨਹੀਂ,
ਸਵਾਦ ਨਹੀਂ ਆਉਂਦਾ, ਰਸ ਨਹੀਂ ਆਉਂਦਾ, ਇੰਨਾ ਵੀ ਜਿੰਨਾਂ ਦੋ ਪੈਸੇ ਦੀ
ਅਫ਼ੀਮ ਵਿਚ, ਇਕ ਪਿਆਲੇ ਸ਼ਰਾਬ ਵਿਚ,
'ਰੱਬ' 'ਰੱਬ' ਕਰਦੇ ਬੇ-ਰਸਾ, ਬਹੁੜੀ ਕਿੱਧਰੋਂ ਕੋਈ ਨਾਂਹ,
ਆਖ਼ਰ ਖੱਪ, ਖੱਪ ਰੱਬ ਥੀਂ ਮੁਨਕਰਦੇ,
'ਇਹੋ ਨਾਂਹ ਖੇਡ ਧਰਮ ਥੀਂ ਅਧਰਮ ਹੋਣ ਦੀ,
ਬਿਨਾਂ ਰਸ ਦੇ ਜੋਗ ਥੀਂ ਭੋਗ ਚੰਗਾ ਲੱਗਦਾ,
ਮੁੜ ਮੁੜ ਪਿਆਲੇ ਪੀ, ਪੀ, ਜ਼ਨਾਨੀਆਂ ਦੇ ਗਲੇ ਲੱਗਦੇ, ਮੋਏ ਹੋਏ ਮੋਈਆਂ
ਨੂੰ ਮਾਰਦੇ, ਕੀੜੇ ਕਤੂਰੇ ਵਧਦੇ, ਹੋਰ ਹੁੰਦੇ ਵਧ, ਗੁਲਾਮੀ ਕਰਨ ਨੂੰ
ਭੂਤਾਂ ਦੀ, ਕਿਰਤ ਥੀਂ, ਛੁੱਟੜ ਲੋਕੀਂ, ਮਾਰੇ ਫ਼ਲਸਫ਼ੇ ਠੱਗ ਨੇ !