ਠੀਕ ਹੈ ! ਸਭ ਪੀਰ ਪੈਗੰਬਰ, ਔਲੀਏ,
ਇਕ ਸਾਦੀ ਪਾਰਸ-ਗੱਲ ਸਨ ਭੁੱਲੇ,
ਉਨ੍ਹਾਂ ਦੀਆਂ ਉੱਮਤਾਂ ਰੁਲੀਆਂ:
ਡੰਕੇ ਦੀ ਚੋਟ ਵੱਜੀ,
ਦਮਾਮੇਂ ਦੀ ਸੱਟ ਅਨੰਦਪੁਰੇ ਗੂੰਜਦੀ,
ਗੁਰੂ ਗੋਬਿੰਦ ਸਿੰਘ ਬਚਿੱਤਰ ਨਾਟਕ ਲਿਖਦੇ,
ਦਰਸਾਉਂਦੇ ਸੱਚ, ਦਰਸ਼ਨ ਕਰਾਉਂਦੇ :
"ਕੂੜ ਕ੍ਰਿਆ ਉਰਝਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ,
ਸਾਰ ਕਹੈ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਯੋ ਤਿਨ ਹੀ ਪ੍ਰਭ ਪਾਇਉ"
ਬਾਜਾਂ ਵਾਲੇ ਆਖਦੇ :
ਇਨ੍ਹਾਂ ਰਾਹ-ਭੁੱਲਿਆਂ, ਰੱਬ ਭੁੱਲਿਆ
ਮਨਾਂ ਦੇ ਧਰਮ, ਕਰਮ ਸਭ ਫੋਕਟ, ਢੰਗ ਸਾਰੇ ਮਸੰਦਾਂ ਦੇ,
ਸਭ ਇਹ ਦੁਖ, ਮੌਤ-ਸੰਪ੍ਰਦਾ ਜੇ ਮੇਰ ਸਿਖੋ !
"ਬਿਨ ਕਰਤਾਰ ਨ ਕਿਰਤਮ ਮਾਨੋ --
ਇਹ ਮੋਏ 'ਕਿਰਤਮ ਸੱਚ ਪਛਾਣਦੇ;
ਫਰਮਾਉਂ ਦੇ :
'ਸ਼ਬਦ-ਅਵਤਾਰ' ਗੁਰੂ ਗ੍ਰੰਥ ਮੈਂ ਹਾਂ,
'ਰੱਬ ਦੀ ਯਾਦ' ਬੱਸ ਮਾਂ ਮੇਰੀ,
ਯਾਦ ਕਰੋ, ਗੁਰੂ ਤੁਸਾਂ ਵਿਚ ਹੈ,
ਕਰਤਾਰ ਦੀ ਕਰਤਾਰਤਾ ਦੀ ਛੋਹ ਦਾ ਰਸ-ਰੂਪ ਯਾਦ ਹੈ,
ਰਸ ਨਾਮ ਦਾ ਖੁਨਕ-ਪਿਆਰ, ਬੱਸ ਇਹੋ ਜੀ ਜੀਣ, ਇਹੋ ਸੁਖ ਇਹ ਸੱਚ ਹੈ ।
ਹੋਰ ਕੋਈ ਨਾਮ ਨਾਂਹ, ਬਸ ਇਕ ਇਹ ਨਾਮ ਹੈ, ਇਹ ਕਰਤਾਰ ਹੈ ਅਕਾਲ ਹੈ,
ਅਕਾਲ ਉਸਤਤ ਇਕ ਨਿਰੋਲ ਸੱਚ ਹੈ,
ਹੋਰ ਏਕਤਾ ਨਾਂਹ ਕੋਈ,
ਨਾਨਤਾ ਤੇ ਰੰਗ ਵਿਚ ਇਕ ਨਾਮ ਨਾਨਾ-ਏਕਤਾ ਹੈ,
ਸਤਿਨਾਮ ਉਸ ਨੂੰ ਗੁਰੂ-ਅਵਤਾਰ ਆਖਦਾ,
ਏਕਾ ਪਹਿਲਾ ਲਾਉਂਦਾ ਇਕ ਹੈ,