ਜਿਵੇਂ ਹਨੇਰੇ ਵਿਚ ਕਿਰਨ ਚਮਕਦੀ,
ਜਿਵੇਂ ਸੁਫਨੇ ਵਿਚ ਕੱਜੀ ਸਾਰੀ,
ਪਿਆਰੀ ਦਾ ਇਕ ਅੰਗ ਦਿੱਸਦਾ,
ਉਹ ਇਕ ਸਤਿਸੰਗ ਘੁੰਮਦਾ,
ਸੇਵਾ ਹੁੰਦੀ ਪਿਆਰੀ ਦੀ,
ਅੰਨ ਰੱਬ ਦਾ ਵਰਤਦਾ
ਕਿਰਤ ਵਰਤਦੀ, ਪਿਆਰ ਵਰਤਦਾ,
ਹੱਥ ਨਿੱਕਾ ਨਿੱਕਾ ਸੁਹਣੀ ਕਿਰਤ ਕਰਦਾ,
ਗਲ ਦੀ ਵੇਲ ਸੋਨੇ ਦੀ—
ਇਹ, ਵੇਲ ਕੁੜੇ ! ਸੋਨੇ ਦੀ ਹਮੇਲ ਕੇਈ ਪਾਈ ਹੈ, ਬਾਗ਼ਾਂ ਦੇ ਪਾਨ
ਦੇ ਪੱਤਿਆਂ ਨੂੰ ਸੋਨੇ ਦੀ ਧਰਤ 'ਤੇ ਉਸੇ ਹੀ ਜਿੰਦ, ਉਸੇ ਲਟਕ ਵਿਚ
ਕੌਣ ਉਗਾਉ ਦਾ !
ਫੁੱਲ ਦੀ ਸੁਹਣੱਪ ਉਸੇ ਤਰ੍ਹਾਂ ਬਲਦੀ,
ਤੇਰੀ ਵੇਲ ਦੇ ਗਲ ਵਿਚ ਬਾਗ਼ ਲਟਕਦੇ,
ਤੇ ਵੇਲ ਸੋਨੇ ਦੀ ਲਟਕਦੀ ਤੇਰੇ ਗਲ ਪਿਆਰੀਏ !
ਨਵੀਂ ਜੁਗਨੀ ਕਿਸੇ ਦੀ ਛਾਤੀ 'ਤੇ-
ਠੀਕ 'ਜਗਨੀ ਕੂਕਦੀ'--ਛਾਤੀ ਉਸ ਉੱਭਰੀ ਜਵਾਨੀ ਦੇ ਉਮਾਹ ਨਾਲ,
ਜਵਾਨੀ ਆ ਜੁਗਨੀ ਵਿਚ ਗੀਤ ਭਰਦੀ,
ਕੁੜੀ ਕੂਕਦੀ ਜੁਗਨੀ ਚੁੱਪ ਹੈ,
ਜੁਗਨੀ ਕੂਕਦੀ ਕੁੜੀ ਸਾਰੀ ਚੁੱਪ ਨਹੀਂ ਹੈ !
ਗਹਿਣੇ-
ਇਨ੍ਹਾਂ ਕਲਾਈਆਂ, ਗੱਲ੍ਹਾਂ, ਹੱਥਾਂ,
ਪੈਰਾਂ, ਕੇਸਾਂ, ਸ੍ਵਾਸਾਂ ਵਿਚ ਗਹਿਣੇ ਸੋਭਦੇ,
ਕੰਨਾਂ ਵਿਚ ਮੱਛਰਿਆਲੇ ਲਟਕਦੇ ਹਿਲਦੇ,
ਸਾਡੇ ਬੁੱਲੇ ਸ਼ਾਹ ਨੂੰ ਵੀ ਕਿਹੇ ਚੰਗੇ ਲੱਗਦੇ,
ਆਹ ! ਇਨ੍ਹਾਂ ਨੱਢੀਆ ਦੇ ਅੰਗਾਂ ਦੀ ਛਣਕਾਰ, ਛਣ ਛਣ ਬੋਲਦੇ,
ਇਨ੍ਹਾਂ ਲਾਲ ਚੂੜੇ ਵਾਲੀਆਂ ਦੀ ਭਰੀ ਗੀਤ ਬਾਹਾਂ ਦੀ ਉਲਾਰ ਮਾਰਦੀ!