ਇਹ ਬੁੱਧ ਜੀਂਦਾ ਬੁੱਤ ਲੋਕੀਂ ਆਖਦੇ,
ਵਡੇ ਵਡੇ ਝੁਕਦੇ ਰਸੀਏ ਮੰਨਦੇ, ਘੜਨ ਹਾਰ ਦਾ ਟਿਕਾਉ ਇਥੇ ਸਾਰਾ, ਉਹਦਾ
ਸੁਖ-ਰਸ ਪੱਥਰ ਵਿਚ ਸਮਾਇਆ ਹੈ ਵਾਂਗ ਰਾਗ ਦੇ ।
ਰਾਗ ਦੀ ਠੰਢੀ ਠਾਰ ਰੋ ਵਗਦੀ,
ਪੱਥਰ ਵਿਚ ਦਿਲ ਦੀ ਲੋਅ ਨੂੰ ਵੇਖਣਾ !
ਮੱਥਾ ਕਿਹਾ ਲੱਸਦਾ,
ਨਿਰਵਾਨ ਦ ਅਕਹਿ ਜਿਹੇ ਸੁਖ ਵਿਚ,
ਇਹ ਧਿਆਨੀ—ਬੁੱਧ ਜੀ ਦੀ, ਪਦਮ-ਆਸਣ ਬੈਠੀ ਧਿਆਨ ਸਿਧ ਮੂਰਤੀ !
ਕਿਹਾ ਸ਼ਾਂਤ ਜਿਹਾ ਪ੍ਰਭਾਵ ਸਾਰੀ ਦਾ ਵਾਂਗ ਚਾਂਦਨੀ,
ਬਾਹਾਂ ਵਿਚੋਂ ਵੱਗਦਾ ਪਾਣੀ ਹੋਇਆ ਪ੍ਰਕਾਸ਼ ਇਕ, ਪੱਥਰ ਨੂੰ ਮੋਮ ਕਰ ਵਗਦਾ,
ਪਿਘਲੀ ਜਿਹੀ ਆਲਮਗੀਰ ਕੋਈ ਅਹਿੰਸਾ, ਦਇਆ
ਸੰਤੋਖ, ਸਤ, ਜਗ ਸਾਰਾ ਪਿਘਲਾਂਦੀ, ਇਸ ਪਿਆਰ ਵਿਚ;
ਪਦਮ ਆਸਨ 'ਤੇ ਬੈਠਾ ਮਨੁੱਖ ਸਾਰਾ, ਮਨੁੱਖਤਾ ਸਾਰੀ,
ਰੱਬਤਾ ਇਕ ਫੁੱਲ ਵਰਗੀ ਕੋਮਲਤਾ ਸਰੂਪ ਹੋ ਸਾਜੀ ਹੈ,
ਇਥੇ ਪੱਥਰ ਨੂੰ ਕੌਣ ਪੁੱਛਦਾ ?
ਹੱਥ, ਕੰਨ, ਨੱਕ, ਮੱਥੇ ਦੀ ਢੁਕ ਅਢੁਕ, ਮਿਕ ਅਮਿਕ ਵੇਖਣ ਦੀ ਵਿਹਲ
ਕਿਥੇ ਲੱਗਦੀ ?
ਸੂਰਜ ਜਿਹਾ ਚੜ੍ਹਦਾ,
ਨੈਣ ਮੁੰਦਦੇ ਜਾਂਦੇ ਜਿਵੇਂ ਬੁੱਧ-ਬੁੱਤ ਦੇ,
ਸੁਖ ਲੈਣ ਦੁਨੀਆਂ ਇਸ ਦਰ ਆਉਂਦੀ ਹੈ,
ਜੀਣ ਜਾਣਨ ਨੂੰ ਲੋਚਦੀ,
ਮੂਰਤ ਕੌਣ ਦੇਖਦਾ, ਦਰਸ਼ਨਾਂ ਨੂੰ ਲੋਚਦੇ,
ਮੂਰਤਾਂ ਇਸ ਥੀਂ ਲੱਖ ਗੁਣ ਵਧ ਢੁਕੀਆਂ ਸੱਜੀਆਂ, ਪਈਆਂ ਹਨ
ਗਲੀ, ਗਲੀ, ਇਥੇ ਤਾਂ ਪੱਥਰ ਵਿਚ ਆਵੇਸ਼ ਨੂੰ ਟੋਲਦੇ,
ਲਭ, ਲਭ, ਨੈਣਾਂ ਨਾਲ ਚੁੰਮਦੇ ਹੱਥਾਂ ਨੂੰ ਪੈਰਾਂ ਨੂੰ,