ਹਾਲੇ ਧਿਆਨ ਚੀਰਮਾਂ ਅੱਖਾਂ ਬੰਦ ਹਨ, ਪਿਆਰ-ਕਣੀਆਂ ਖਾ ਖਾ ਸਭ ਨੇ
ਸਹਿਜ ਵਿਚ ਖੁਲ੍ਹਣਾ,
ਪੱਥਰ ਦੀ ਨੀਂਦਰ ਬ੍ਰਹਮ ਮੈਂ ਵਾਲੀ, ਛਡ, ਛਡ ਉੱਡਨਾ— ਵਿਚਰਨਾ,
ਇਸ ਤ੍ਰੈ-ਮੂਰਤੀ ਨੂੰ ਹਾਲੇ ਗਲੀ, ਗਲੀ ਟੁਰਨਾ, ਤੇ ਹਾਂ, ਇਸੇ ਤਰ੍ਹਾਂ
ਪਿਆਰ-ਧਿਆਨ ਬੱਲੀ-ਬਝਾਈ, ਸਥਿਤ ਸਾਰੀ ਪੂਰਣਤਾ,
ਮੁਕਟਾਂ ਤੇ ਰੂਹ ਦੀ ਕਿਰਨ ਵੱਜੀ ਪਈ ਹੈ,
ਹਾਲੇ ਰੂਹ ਨੇ ਕੁਲ ਸਰੀਰ ਹੋਵਣਾ, ਚਮਕਣਾ ।
ਹਾਲੇ ਸਹਿਜ ਯੋਗੀ ਦੀ ਪੂਰਣਤਾ ਨੇ ਲੱਸਣਾ,
ਤ੍ਰੈ-ਮੂਰਤੀ ਕੱਲ੍ਹ ਲੰਘ ਗਿਆ ਹੈ,
ਅੱਜ ਹੁਣੇ ਚੜ੍ਹਿਆ ਹੈ, ਕੱਲ੍ਹ ਨੇ ਆਵਣਾ ਜਿਸ ਵਿਚ ਦਰਸ਼ਨਾਂ ਦੇ ਸਮੂੰਹ ਨੇ,
ਐਲੀਫੈਂਟਾ ਤੇ ਇਲੌਰਾ ਥੀਂ ਨਿਕਲ ਹਰ ਗਗਨ ਚਮਕਣਾ !
ਬਾਬਾ ਜੀ ਆਖਦੇ :
ਮੇਰੀ "ਰੱਬੀ ਯਾਦ" ਦਾ, ਸਿਮਰਨ ਦੇ ਮਗਰ ਮਗਰ, ਇਹਦੇ ਚਾਰ ਚੁਫੇਰੇ,
ਕੋਮਲ ਉਨਰਾਂ ਦਾ, ਨਵੇਂ ਹੜ੍ਹ ਵਗਣੇ,
ਸਿਮਰਨ ਦੀ ਸਦੀਆਂ ਲੰਮੀ ਸਾਂਈਂ ਹੱਥ ਦੀ ਘਾੜ ਚਲਦੀ,
ਹੱਥਾਂ ਨੇ ਚੱਲਣਾ, ਪੈਰਾਂ ਨੇ ਚੱਲਣਾ, ਮਨ ਨੇ ਚੱਲਣਾ, ਸਹਿਜ-ਫੁੱਲ ਦਿਲ
ਵਿਚ, ਅੱਖ ਵਿਚ, ਸਿਰ ਵਿਚ ਵਸਣਾ !
ਮੈਂ ਘੜੇ, ਮੈਨੂੰ ਮੁੜ ਮੁੜ, ਜਿਵੇਂ ਸੁੰਦਰੀ ਵੇਖ ਮੁੜ ਮੁੜ ਆਰਸੀ, ਮੱਤੀ
ਆਪਣੇ ਸੁਹਣੱਪ ਦੀ,
ਮੈਂ ਕੀ ਹਾਂ ? ਦੱਸਣ ਦੀ ਲੋੜ ਨਾਂਹ ਮੈਨੂੰ
ਰਸਤਾ ਆਪ ਸਦਾ ਦੱਸਦਾ ਟੁਰੇਗਾ ਮੇਰਾ ਕਿਰਤ ਉਨਰ ਦਾ,
ਕਰਨ ਦਾ ਨਾਮ ਹੈ, ਸੱਚੀ ਦੱਸਣ ਦਾ,
ਬਾਕੀ "ਹਉਮੈ ਝੱਖੜ" ਜਾਣ ਸਿਖਾ ਮਾਰਿਆ !
ਮੈਨੂੰ ਦਿੱਸਦਾ, ਕਾਦਰ ਦਾ ਪਿਆਰ ਚੁੰਮਦਾ, ਪਾਣੀਆਂ ਥੀਂ, ਹਵਾਵਾਂ ਥੀਂ,
ਤੇਲਾਂ ਥੀਂ, ਫੁੱਲਾਂ ਥੀਂ ਵਧ, ਛਿਣ ਪਲ ਛਾਈ ਮਾਈ, ਹੋਣ ਵਾਲਾ