ਮੰਜ਼ਲ ਮੁੱਕਣ ਦੀ ਕੋਈ ਗੱਲ ਨਾਂਹ,
ਨਵੀਂ ਨਵੀਂ ਨਿਖਰਦੀ, ਨਜ਼ਾਰਾ ਨਵਾਂ, ਸਵਾਦ ਨਵਾਂ, ਦੀਦਾਰ ਨਵਾਂ,
ਨਵਾਂ ਹੋਵਦਾ,
ਮੰਜ਼ਲ ਤਾਂ ਮੋਇਆਂ ਦੀ ਮੁੱਕਦੀ,
ਜੀਂਦਿਆਂ ਦੀ ਤਾਂ ਸਦਾ ਤੁਰਦੀ,
ਤੁਰਨ ਤਾਂ ਸਵਾਦ ਹੈ,
ਮੁੜ ਮੁੜ ਪਸੀਜਣਾ, ਰੀਝਣਾ, ਮੁੜ ਮੁੜ ਰਸੀਣਾ, ਨਿਤ ਨਵਾਂ ਸਫਰ ਬਸ
ਪਿਆਰ ਹੈ ।
ਘਰ-ਪ੍ਰਾਪਤ ਹੋਣਾ, ਮੰਜ਼ਲ ਦਾ ਅਪੜਨਾ,
ਮੰਜ਼ਲ ਇਉਂ ਅਪੜਿਆਂ ਦੀ ਰੋਜ਼ ਮੰਜ਼ਲ ਸਵਾਦਲੀ,
ਟੁਰਨਾ ਉਨ੍ਹਾਂ ਦਾ ਔਖਾ, ਜਿਨ੍ਹਾਂ ਨੂੰ ਪਤਾ ਨਹੀਂ ਕਿਥੇ ਜਾਣਾ, ਜਿਹੜਾ ਹਾਲੇ
ਘਰ ਦੀ ਪ੍ਰਾਪਤੀ ਥੀਂ ਦੂਰ ਹਨ,
ਦਰ ਮਿਲਿਆਂ ਨੂੰ ਕੀ ਤੌਖਲਾ ।
ਘਰ ਵਾਲੀਆਂ, ਸਾਈਆਂ ਵਾਲੀਆਂ,
ਸੋਹਣੀਆਂ ਸੁਹਾਗਣਾਂ,
ਉਹ ਤਾਂ ਨਿਤ ਨਵੇਂ ਸੂਰਜ ਨੂੰ ਫ਼ਤਹਿ ਗਜਾਉਂਦੀਆਂ ।
ਹੱਸਦੀਆਂ ਖੇਡਦੀਆਂ, ਪੀਂਘਾਂ ਝੂਟਦੀਆਂ, ਸਭ ਖ਼ੁਸ਼ੀਆਂ ਕੰਤ ਮਿਲਵੜੀਆਂ ।
ਗੱਡਰੀਏ ਦੀ ਆਵਾਜ਼ ਦੀ ਪਹਿਚਾਣ,
ਮੰਜ਼ਲ 'ਤੇ ਅਪੜਨ ਦਾ ਨਿਸ਼ਾਨ,
ਚਿੱਟੀਆਂ ਭੇਡਾਂ ਦੀ ਇਹ ਨਾਮ ਦੀ ਪ੍ਰਾਪਤੀ,
ਪਹਾੜਾਂ ਹੇਠ ਭਾਵੇਂ ਵਿਚ ਵਾਦੀਆਂ,
ਭੇਡਾਂ ਫਿਰਨ ਚਰਦੀਆਂ, ਫਿਰਦੀਆਂ,
ਸਾਵੇ ਘਾਹ ਉਤੇ, ਸਿਰ ਨੀਵੇਂ ਕੀਤੇ,
ਆਪ ਮੁਹਾਰੀਆਂ, ਦੌੜਦੀਆਂ,
ਫੁੱਲਾਂ ਨੂੰ ਪੈਰ ਲੱਗੇ, ਮੁਸ਼ਕਦੀਆਂ