ਜਿਹਦੀ ਤਲਾਸ਼ ਮਾਰਦੀ,
ਖ਼ਾਲੀ ਪੁਲਾੜਾਂ ਨੂੰ ਫਾੜ ਫਾੜ,
ਅੱਖਾਂ ਹੱਥਾਂ ਵਿਚ ਫੜਾਂਦੀ,
ਤੇ ਫੜਾ ਫੜਾ ਮੁੜ, ਮੁੜ ਹੱਸਦੀ,
ਹੋਣੀ ਜਿਹੀ ਹੋ ਕੇ ਮਰ ਜਾਣੀ,
ਖਿਚਕਿਲੀ ਮਚਾਉਂਦੀ, ਮਜ਼ਾਖਾਂ ਕਰਦੀ !
ਮੈਂ ਤਾਂ ਇਨ੍ਹਾਂ ਚਿੱਤਰਾਂ ਮਿੱਤਰਾਂ ਨੂੰ ਵੇਖਦਾ ਹਾਂ ਪੂਰੀ ਨੀਝ ਲਾ,
ਮਤੇ ਬੇ-ਪਤੇ ਦਾ ਕੋਈ ਪਤਾ ਦੇ ਉੱਠੇ,
ਮੈਂ ਤਾਂ ਕਿਸੇ ਪਿਆਰੀ, ਮਿੱਠੀ ਤਾਨ ਦੀ ਹਵਾਈ ਲਚਕ ਨੂੰ ਉਡੀਕਦਾ ।
ਸੁਰਤਿ ਤੇ ਹੰਕਾਰ
(Consciousness and Ego)
१
ਮੈਂ ਸੱਚੀਂ, ਬਾਲਦੀ 'ਮੈਂ' ਵਾਂਗ,
ਆਪਾ ਭੁੱਲੀ ਵਿਚਰਦੀ,
ਬਲ ਮਰਦਾ ਮੈਂ ਵਿਚ ਤਦ ਹੀ,
ਜਦ ਉਹ ਮੈਂ-ਪੁਣਾਂ, ਮੈਂ-ਹੋਣਾ ਵਿਸਰਦੀ,
ਬੇਹੋਸ਼ ਜਿਹੀ 'ਮੈਂ' ਪੂਰੀ ਹੋਸ਼ ਵਾਲੀ,
ਸੁੱਤੀ, ਸੁੱਤੀ ਮੈਂ, ਠੀਕ ਤਾਂ ਜਾਗਦੀ ।
ਜਿਸਮ ਜਿਵੇਂ ਨੀਂਦਰ ਪਾਲਦੀ,
ਤਿਵੇਂ ਮੈਂ ਦੀ ਨੀਂਦਰ ਇਕ ਰਸੀਲੀ ਅਸਚਰਜਤਾ,