ਰੂਪ ਸੁਹਣੱਪ ਦਾ ਆਪਣਾ ਨਾਮ ਹੈ, ਬਿਨਾ ਸੁਹਣੱਪ ਦੇ ਧਾਰੇ ਅਨੇਕ ਰੂਪਾਂ ਰੰਗਾਂ ਦੀ ਸੁਗੰਧੀ ਦੇ ਪਿਆਰ ਜੀ ਨਹੀਂ ਸਕਦੇ, ਪਰ ਸੱਚੇ ਦਿਵਯ ਪਿਆਰ ਦਾ ਖ਼ਾਸਾ ਹੈ, ਕਿ ਉਹ ਉਨਾਂ ਧਾਰੇ ਰੂਪਾਂ ਨੂੰ ਵੇਖ ਵੇਖ ਆਪੇ ਵਿਚ ਹੀ ਵਿਗਸਦਾ ਹੈ। ਵਿਗਸਣ ਉਹਦਾ ਆਪਣੇ ਅੰਦਰ ਦਾ ਖੇੜਾ ਹੈ ਜਿਹੜਾ ਬਾਹਰ ਨੂੰ ਵੇਖ ਵੇਖ ਰੀਝਦਾ ਹੈ, ਸੋਖਦਾ ਹੈ, ਮੁਸ਼ਕਦਾ ਹੈ । ਪਰ ਬਾਹਰ ਨੂੰ ਫੜਣ ਲਈ ਪਿਆਰ ਦੀਆਂ ਕੋਈ ਇੰਦ੍ਰੀਆਂ ਨਹੀਂ ਜਿਨ੍ਹਾਂ ਨਾਲ ਉਹ ਆਪਣੇ ਕੇਂਦਰ ਥੀਂ ਉੱਥਾਨ ਹੋ ਕੇ ਉਨ੍ਹਾਂ ਨੂੰ ਫੜਣ ਲਈ ਕਦੀ ਬਾਹਰ ਆ ਸਕੇ। ਪਿਆਰ ਸਦਾ ਗਿਆਨੀ ਹੁੰਦਾ ਹੈ, ਉਹ ਅੱਲਾ ਬਚਪਨ ਨਹੀਂ ਹੁੰਦਾ ਜਿਸ ਕਰਕੇ ਇਕ ਨੰਗਾ ਬੱਚਾ ਘੁੰਘਰੂ ਪਾਏ, ਤੜਾਗੀ ਨਿੱਕੇ ਜਿਹੇ ਲੱਕ ਨਾਲ ਬੱਧੀ ਸੋਹਣੀਆਂ ਤਿੱਤਲੀਆਂ ਨੂੰ ਫੜਣ ਲਈ ਬਾਂਹ ਅੱਡ ਕੇ ਨੱਸੀ ਫਿਰਦਾ ਹੈ । ਕੁਛ ਹੋਰ ਭਾਨ ਪਿਆਰ ਦੇ ਇਕ ਦੋ ਦ੍ਰਿਸ਼ਟਾਂਤਾਂ ਨਾਲ ਹੀ ਦਰਸਾਏ ਜਾ ਸਕਦੇ ਹਨ । ਇਹ ਨਿਸ਼ਾਨ ਇਕ ਉੱਚੀ ਥਾਂ ਬੈਠੇ ਨਜ਼ਾਰੇ ਨੂੰ ਵੇਖਣ ਵਾਲੇ ਸਾਖੀ ਦੇ ਮਨ ਦੀ ਅਵਸਥਾ ਵਾਂਗ ਕਈ ਚਮਕਦੀ ਟੀਸੀ ਦੇ ਜੀਵਨ ਦੀਆਂ ਉਚਾਈਆਂ ਵਿੱਚ ਲਿਸ਼ਕਦੀ ਕੋਈ ਸ਼ੈ ਹਨ । ਲਾਹੌਰ ਦੀਆਂ ਗੰਦੀਆਂ ਗਲੀਆਂ ਤੇ ਸ਼ਹਿਰ ਦੀਆਂ ਬਦਬੋਆਂ ਥੀਂ ਨਿਕਲ ਕੇ ਜੇ ਕਿਸੇ ਬੰਦੇ ਨੂੰ ਯਕਾ-ਯਕ ਕਸ਼ਮੀਰ ਦੀਆਂ ਕੇਸਰ ਕਿਆਰੀਆਂ ਵਿੱਚ ਜਾ ਬਹਾਲੀਏ, ਓਧਰ ਕੇਸਰ ਖਿੜਿਆ ਹੋਵੇ, ਉੱਪਰ ਚੰਨ, ਤੇ ਤੱਲੇ ਚਕੋਰ ਦੀ ਪੈਲ ਤੇ ਕੁਹਕ, ਖੁਸ਼ਬੂ, ਠੰਢੀ ਸਮੀਰ ਤੇ ਉਚਾਈ ਤੇ ਬੈਠੇ ਦਾ ਸਹਿਜ ਸੁਭਾ ਉਹੋ ਜਿਹੀ ਫੁੱਲਾਂ ਦੇ ਅਹੰਕਾਰ ਵਰਗੀ ਕੋਈ ਨਸ਼ੀਲੀ ਮਟਕ, ਜਿਵੇਂ ਉਸ ਬੰਦੇ ਦਾ ਚਾ, ਸ਼ੌਕ, ਫੁੱਟੇ, ਜਿਵੇਂ ਉਹਨੂੰ ਨਸ਼ਾ ਚੜ੍ਹੇ, ਤਿਵੇਂ ਹੀ ਪਿਆਰ ਜਿੱਥੇ ਆਉਂਦਾ ਹੈ, ਉੱਥੇ ਉਹ ਨਿੱਕਾ ਨਿੱਕਾ ਸਦਾ ਰਹਿਣ ਵਾਲਾ ਨਸ਼ਾ ਜਿਹਾ ਚੜ੍ਹਿਆ ਰਹਿੰਦਾ ਹੈ । ਇਸ ਦਾ ਨਤੀਜਾ ਇਹ ਹੁੰਦਾ ਹੈ, ਕਿ ਪਿਆਰ ਵਾਲਾ ਅਮੀਰ ਹੁੰਦਾ ਹੈ, ਉਹਨੂੰ ਕੋਈ ਲੋੜ ਨਹੀਂ ਹੁੰਦੀ, ਆਸ਼ਾ, ਤ੍ਰਿਸ਼ਨਾ ਥੀਂ ਰਹਿਤ ਹੁੰਦਾ ਹੈ ॥
ਜਿਵੇਂ ਦਰਿਯਾ ਕਿਨਾਰੇ ਕੋਈ ਆਦਮੀ ਗਰਮੀਆਂ ਦੀ ਰੁੱਤ ਵਿਚ ਚਾਨਣੀ ਰਾਤ ਵੇਲੇ ਕੱਪੜੇ ਲਾਹ ਕੇ ਨਰਮ ਨਰਮ ਠੰਢੀ ਚਿੱਟੀ ਰੇਤ ਤੇ ਲੇਟਦਾ ਹੈ, ਫਿਰ ਛਾਲ ਮਾਰਦਾ ਹੈ ਤੇ ਸਾਰੀ ਗਰਮੀ ਤੇ ਮੈਲ ਲਾਹ ਕੇ ਠੰਢਾ, ਹਲਕਾ ਹੁੰਦਾ ਹੈ, ਤੇ ਇਕ ਤਰਾਂ ਦਾ ਖਿਣਕ ਮੋਖ ਪ੍ਰਤੀਤ ਕਰਦਾ ਹੈ, ਆਤਮ ਆਜ਼ਾਦੀ ਨੂੰ ਅਨੁਭਵ ਕਰਦਾ ਹੈ, ਤਿਵੇਂ ਜਿੱਥੇ ਪਿਆਰ ਆਉਂਦਾ ਹੈ, ਉਹ ਪੁਰਖ ਸਦਾ ਨ੍ਹਾਤਾ ਜਿਹਾ ਠੰਢਾ, ਸੁਬਕ, ਹਲਕਾ ਫੁੱਲ ਵਰਗਾ ਆਪਣੇ ਆਪ ਵਿੱਚ ਹੁੰਦਾ ਹੈ । ਕਦੀ ਜੇ ਕਿਸੇ ਮਹਾਂ ਪੁਰਖ ਦਾ ਆਪ ਅੰਦਰ ਪਿਆਰ ਹੈ ਤੇ ਦਰਸ਼ਨ ਕਰਨ ਦਾ ਭਾਗ ਹੋਇਆ ਹੋਵੇ, ਤਦ ਇਹ ਮੇਰੀ ਹੱਡ ਬੀਤੀ ਗੱਲ, ਇਹ ਕਈ ਵੇਰ ਤਜਰਬੇ ਕੀਤੀ ਗੱਲ ਹੈ, ਕਿ ਮਹਾਂ ਪੁਰਖਾਂ ਨੂੰ ਮਿਲ ਕੇ ਕਈ ਦਿਨ ਇਉਂ ਜਾਪਦਾ ਹੈ, ਜਿਵੇਂ ਹਰ ਵੇਲੇ ਕਿਸੀ ਨਦੀ ਵਿੱਚ ਅਸ਼ਨਾਨ ਹੋ ਰਹੇ ਹਨ। ਦਿਲ, ਦਿਮਾਗ਼, ਜਿਸਮ ਸਭ ਹਲਕੇ ਹਲਕੇ ਫੁੱਲ, ਧੋਤੇ ਧਾਤੇ ਮੋਤੀ ਦਿੱਸਦੇ ਹਨ । ਇਉਂ ਕੁਝ ਹੁੰਦਾ ਹੈ, ਜਿਵੇਂ ਗਰਮੀ ਦੀ ਰੁੱਤ ਦੇ ਧੂੜ ਪਏ ਬ੍ਰਿਛਾਂ ਨੂੰ ਹੁਣੇ ਹੀ ਸਾਵਣ ਦੀ ਬਰਖਾ ਨਹਾ ਕੇ ਲੰਘੀ ਹੈ। ਪਿਆਰ ਦੀ ਛੋਹ ਜੀਆ ਦਾਨ ਦੇਣ ਵਾਲੀ ਹੁੰਦੀ ਹੈ, ਪਿਆਰ ਨੂੰ ਪਾ ਕੇ ਜੀਵਣੀ ਕਣੀ ਅੰਦਰ ਆਣ ਵੱਸਦੀ ਹੈ ਤੇ ਮੌਤ ਇਕ ਭਰਮ ਜਿਹਾ ਦਿੱਸਦਾ ਹੈ ॥
ਪਿਆਰ ਦਾ ਇਕ ਅਚਰਜ ਕੌਤਕ ਹੈ, ਕਿ ਜਿੱਥੇ ਹੋਵੇ ਉੱਥੇ ਆਪਣੀ ਜਿੰਦ, ਜਾਨ, ਰੂਹ, ਸਭ ਕੁਛ ਪਿਆਰ ਦੇ ਹਵਾਲੇ ਕਰਨ ਤੇ ਦਿਲ ਕਰਦਾ ਹੈ ਤੇ ਬਿਹਬਲ ਹੋ ਪਿਆਰ ਦੇ ਹਵਾਲੇ ਸਾਰਾ ਆਪਾ ਤੇ ਸਬ ਕੁਛ ਕਰ ਦਿੱਤਾ ਜਾਂਦਾ ਹੈ ॥
ਜਿਵੇਂ ਅਰਸ਼ਾਂ ਦੀ ਕੋਈ ਸੱਚੀ ਚੀਜ ਹੋਵੇ ਤੇ ਉਹਦਾ ਪ੍ਰਤੀਬਿੰਬ ਹੇਠਾਂ ਪਵੇ,