Back ArrowLogo
Info
Profile
ਰੂਹਾਨੀ ਅਥਵਾ ਮਜ਼੍ਹਬੀ, ਤ੍ਰੱਕੀ ਤਾਂ ਕਿਸੀ ਦੀ ਨਦਰ ਨਾਲ ਹੋਵੇਗੀ, 'ਨਾਨਕ ਨਦਰੀ ਨਦਰਿ ਨਿਹਾਲ' । ਮਜ਼੍ਹਬ ਇਕ ਜੀਣ ਥੀਣ ਦੇ ਰਸਿਕ ਪ੍ਰਕਾਸ਼ ਦਾ ਸਦਾ ਚਲਦਾ ਚੱਕਰ ਹੈ। ਦੇਵੀ ਦੇਵਤਿਆਂ ਦੀ ਛਾਯਾ, ਮਨੁੱਖ ਦੀ ਛਾਯਾ, ਹਰ ਕਿਸੀ ਦੀ ਆਪਣੀ ਆਪਣੀ ਸ਼ਖਸੀਅਤ ਦੀ ਅੰਮ੍ਰਿਤ ਛਾਯਾ ਹੈ, ਇਸ ਬਿਨਾ ਕੋਈ ਰਹਿ ਨਹੀਂ ਸੱਕਦਾ, ਜੀ ਨਹੀਂ ਸਕਦਾ, ਮਜ਼੍ਹਬ ਨੂੰ ਤਦ ਤਕ ਹੀ ਭੁਲੇਖੇ ਨਾਲ ਇਕ ਸਾਧਨ ਦੱਸਿਆ ਜਾਂਦਾ ਹੈ, ਜਦ ਤਕ ਕੋਈ ਪੂਰਣਤਾ ਅਨੁਭਵ ਨਹੀਂ ਕਰ ਲੈਂਦਾ, ਪਰ ਜੋ ਪੂਰਣ ਪੁਰਖ ਹਨ, ਉਨ੍ਹਾਂ ਦਾ ਮਜ਼੍ਹਬ ਓਹ ਤਾਂ ਨਹੀਂ ਜੋ ਚੋਰ ਯਾਰ ਨੂੰ ਸੁਧਾਰਣ ਖਾਤਰ ਵਰਣਨ ਕੀਤਾ ਜਾਂਦਾ ਹੈ। ਨਿਰੋਲ ਐਬਸੋਲੂਟ ਮਜ਼੍ਹਬ ਤਾਂ ਕੋਈ ਅੰਦਰ ਦੀ ਸੂਰਜ ਦੇ ਆਪਣੇ ਪ੍ਰਕਾਸ਼ ਵਾਂਗ ਕੋਈ ਚੀਜ ਹੈ, ਜਿਸ ਥੀਂ ਸੂਰਜ ਵੱਖਰਾ ਕੀਤਾ ਜਾ ਹੀ ਨਹੀਂ ਸੱਕਦਾ। ਬੰਦੇ ਦਾ ਮਜ਼੍ਹਬ ਅਸਲ ਓਹ ਨਹੀਂ ਜੋ ਉਹ ਕਰਦਾ ਹੈ, ਜਾਂ ਜੋ ਉਸ ਥੀਂ ਕਰਾਇਆ ਜਾਂਦਾ ਹੈ। ਅਸਲ ਮਜ਼੍ਹਬ ਉਸਦਾ ਉਹ ਹੈ, ਜਿਸ ਬਿਨਾ ਉਹ ਜੀ ਹੀ ਨਹੀਂ ਸੱਕਦਾ, ਉਸਦੇ ਸਹਿਜ-ਸੁਭਾ ਆਪ ਹੋਏ ਬਿਨਾ ਉਹ ਰਹਿ ਹੀ ਨਹੀਂ ਸਕਦਾ । ਇਹ ਹਸਤੀ ਦਾ ਕੋਈ ਗੂਹੜਾ ਅੰਦਰਲਾ ਰਾਜ਼ ਹੈ, ਭੇਤ ਹੈ। ਇਹ ਕੋਈ ਅੰਦਰ ਦੀ ਮਰਮ ਹੈ, ਜਿਹਦੀ ਖੁਸ਼ਬੂ ਸਭ ਨੇਕੀਆਂ, ਅਸ਼ਰਾਫਤਾਂ ਤੇ ਪਿਆਰ ਹਨ ਤੇ ਕੁੱਲ ਮਿਤ੍ਰਤਾ ਤੇ ਹੋਰ ਸੋਹਣੇ ਭਾਵ ਹਨ, ਮਿੱਠਤ ਮਾਖਿਓਂ ਸਭ ਚੀਜ਼ਾਂ ਦਾ ਰੂਹ ਹੈ, ਬੜਾ ਔਖਾ ਤੇ ਬੜਾ ਹੀ ਸੁਖਾਲਾ ਹੈ।

ਜਿਸ ਤਰਾਂ ਮੈਂ ਆਪ ਸਭ ਆਪਣੀਆਂ ਸਮਝਾਂ ਥੀਂ ਪਰੇ ਹਾਂ, ਪਰ ਦੋਹਾਂ ਬਾਹਾਂ ਆਪਣੀਆਂ ਨਾਲ ਇਹ ਕਹਿਕੇ ਕਿ ਇਹ ਮੈਂ ਤੇ ਘੁਟ ਆਪੇ ਨੂੰ ਜੱਫੀ ਪਾਂਦਾ ਹਾਂ, ਤਿਵੇਂ ਹੀ ਮਜ਼੍ਹਬ ਮੇਰੀ ਹਸਤੀ ਦਾ ਕੋਈ ਭਰਮੀ ਭੇਤ ਹੈ, ਜਿਹੜਾ ਸਮਝ ਨਹੀਂ ਆਉਂਦਾ ਪਰ ਜਿਸ ਨੂੰ ਮੈਂ ਆਪਣੇ ਹੋਠਾਂ ਦੇ ਦੱਬ ਹੇਠ ਮਹਿਸੂਸ ਕਰਕੇ ਆਪਣੇ ਬਚਨਾਂ ਨੂੰ ਸੁਰਤ ਨਾਲ ਜੋੜ ਸੱਕਦਾ ਹਾਂ, ਦੇਖ ਨਹੀਂ ਸੱਕਦਾ, ਪਰ ਆਪਣੇ ਨੈਣਾਂ ਦੇ ਛੱਪਰਾਂ ਹੇਠ ਓਸ ਉਰਧ ਕੰਵਲ ਨੂੰ ਛੋਹ ਸਕਦਾ ਹਾਂ ਤੇ ਕਪਾਟ ਖੁਲ ਜਾਂਦੇ ਹਨ, ਜੋਰ ਟੁੱਟ ਜਾਂਦੇ ਹਨ ਤੇ ਉਸ ਪਿਆਰੇ ਦੇ ਦੀਦਾਰ ਬਿਨ ਦੇਖੇ ਇਕ ਛੋਹ ਜਿਹੀ ਨਾਲ ਹੋ ਜਾਂਦੇ ਹਨ। ਸਪਰਸ਼ ਨਹੀਂ ਹੋ ਸਕਦਾ ਪਰ ਰੋਮ ਰੋਮ ਵਿੱਚ ਕਿਸੇ ਅਣਡਿੱਨੇ ਦੇ ਅਲਿੰਗਨ ਨਾਲ ਮੇਰਾ ਮਨ ਤੇ ਸਰੀਰ ਅੰਮ੍ਰਿਤ ਨਾਲ ਭਰ ਜਾਂਦੇ ਹਨ:-

ਗੁਰਮੁਖਿ ਰੰਗ ਚਲੂਲਿਆ ਮੇਰਾ ਮਨੁ ਤਨੁ ਭਿੰਨਾ ॥

ਜਨੁ ਨਾਨਕੁ ਮੁਸਕਿ ਝਕੋਲਿਆ ਸਭ ਜਨਮੁ ਧਨ ਧੰਨਾ॥

ਮਜ਼੍ਹਬ, ਕਾਇਦੇ, ਇਖਲਾਕ, ਇਹ ਕਰੋ ਇਹ ਨਾ ਕਰੋ ਦੀ ਦੁਨੀਆਂ ਦੀ ਦੁਕਾਨਦਾਰੀ ਦੀਆਂ ਮੁਰਤਬਸ਼ੁਦਾ ਫਹਰਿਸਤਾਂ ਥੀਂ ਪਰੇ ਇਕ ਕਿਸੀ ਅਦ੍ਰਿਸ਼ਟ ਦੀ ਟੇਕ ਵਿੱਚ ਜੁੜੀ ਸੁਰਤਿ ਦਾ ਪ੍ਰਕਾਸ਼ ਹੈ । ਇਕ ਕਿਸੀ ਪਿਆਰ ਕੇਂਦਰ ਵਿੱਚ ਜੀਣ ਥੀਣ, ਹੋਣ, ਰਹਿਣ, ਬਹਿਣ ਦੀ ਸਹਿਜ-ਸੁਭਾ ਕੀਰਤੀ ਹੈ। ਇਸ ਵਿੱਚ ਕੋਈ ਦਿਖਾਵਾ, ਬਨਾਵਟ ਕੋਈ ਯਤਨ, ਜਬਰ, ਤੇ ਕਸ਼ਟਾਂ, ਤਪਾਂ, ਦੀ ਸਿਖਾਵਟ ਦਾ ਕੋਈ ਅਸਰ ਨਹੀਂ। ਕੁਦਰਤ ਦੀਆਂ ਅਣਗਿਣਤ ਤਾਕਤਾਂ ਤੇ ਜ਼ਿੰਦਗੀ ਨੂੰ ਵਿਕਾਸ਼ ਦੇਣ ਦੀਆਂ ਤਾਕਤਾਂ ਦੇ ਸਮੂਹਾਂ ਦੇ ਸਮੂਹਾਂ ਦੇ 'ਜੋਰ' ਨਾਲ ਭਰੀ ਭਾਵੇਂ ਮੇਰੀ ਸਹਿਜ-ਸੁਭਾਵਤਾ ਹੋਵੇ, ਪਰ ਮੇਰਾ ਮਜ਼੍ਹਬ ਓਹੋ ਸਹਿਜ ਸੁਭਾ ਸੁਹਜ ਹੈ ਜਿਸ ਵਿਚ ਦਿਉਦਾਰ ਜਦ ਖੜਾ ਹਵਾ ਨਾਲ ਲਗ ਲਗ ਬਰਫਾਨੀ ਪਹਾੜਾਂ ਤੇ ਝੂਮ ਰਿਹਾ ਹੈ, ਅਸੀ ਤਾਂ ਉਸ ਸਹਿਜ-ਸੁਭਾ, ਸਾਦਾ, ਬਿਨਾ ਜੋਰ ਲਾਏ ਦੇ ਉਸ ਉੱਪਰ ਆਈ ਅਵਸਥਾ ਉਨਮਾਦ ਨੂੰ ਮਜ਼੍ਹਬ ਕਰਕੇ ਦੇਖ ਰਹੇ ਹਾਂ, ਹਾਏ ! ਮੈਂ ਉਸੀ ਖੁਸ਼ੀ ਵਿੱਚ ਕਿਸ ਤਰਾਂ ਝੂਮਾਂ, ਤੇ ਪਸਾਰੀ ਪਾਸੋਂ ਨੁਸਖੇ ਬਨਵਾਕੇ ਜੇ ਖਾਣੇ ਸ਼ੁਰੂ ਕਰਾਂ, ਕਿ ਇਉਂ ਉਹ ਦਿਉਦਾਰ ਵਾਲਾ ਉਨਮਾਦ ਆਵੇ, ਸੋ ਦੇਖ ਲਵੋ ਕੁਦਰਤ ਦੇ ਅਸਗਾਹ ਤੇ ਅਨੰਤ ਵਿੱਚ ਇਨ੍ਹਾਂ ਨੁਸਖਿਆਂ ਦਾ ਕੀ ਕੰਗਲਾ ਜਿਹਾ ਪਰੀਣਾਮ ਹੈ ?

32 / 100
Previous
Next