Back ArrowLogo
Info
Profile
ਨੈਣ ਮੇਰੇ ਆਪ ਦੇ ਪਦਮ ਚਰਣਾਂ ਨੂੰ ਛੋਹ ਸਕਦੇ ਹਨ, ਮੇਰੇ ਨਿਮਾਣੀ ਦੇ ਦਿਲ ਥੀਂ ਅਸੀਸ ਨਿਕਲਦੀ ਹੈ, ਮੈਂ ਕੀ ਭੇਟ ਕਰ ਸਕਦੀ ਹਾਂ? ਆਪ ਦੇ ਇਹ ਚੈਰੀ ਦੇ ਫੁੱਲਾਂ ਦੇ ਬਾਗ ਵਿੱਚੋਂ ਫੁੱਲ ਤੋੜ ਕੇ ਦੇਵਾਂ, ਮੈਂ ਤਾਂ ਸਾਰੇ ਬਾਗ ਇਹ ਸਾਰੇ ਮਿਲਖ ਫੁੱਲਾਂ ਦੇ ਆਪ ਦੇ ਅਰਪਣ ਕਰਦੀ ਹਾਂ । ਓਧਰ ਇਕ ਮਹਾਰਾਨੀ ਐਮਪ੍ਰੈਸ ਕੋਮੀਓ ਬੁੱਧ ਮਤ ਤੇ ਘੋਲ ਘੁਮਾਈ ਹੋਈ ਆਪਣੀ ਲੜਕੀ ਸਮੇਤ ਜਿਹਦਾ ਨਾਮ ਕੋਕਿਨ ਸੀ ਤੇ ਜੋ ਓਹਦੇ ਬਾਦ ਤਖਤ ਤੇ ਬੈਠੀ, ਬੁੱਧ ਦੇ ਮੰਦਰ ਬਣਵਾ ਰਹੀ ਹੈ। ਆਪ ਖੜੀ ਹੋਈ ਹੈ ਤੇ ਪੱਥਰ ਘੜੇ ਜਾ ਰਹੇ ਹਨ ਤੇ ਘਾੜਤ ਕਰਨ ਵਾਲਿਆਂ ਦੇ ਹੱਥਾਂ ਵਿੱਚ ਫੜੇ ਲੋਹੇ ਦੇ ਹਥਿਯਾਰ ਲੱਗ ਕੇ ਪੱਥਰ ਵਿੱਚੋਂ ਅਰਦਾਸ ਵਰਗੇ ਕਾਂਬੇ ਨਿਕਲ ਰਹੇ ਹਨ, ਇਕ ਅਨੋਖੇ ਜੋਸ਼ ਵਿੱਚ ਐਮਪ੍ਰੈਸ ਦੀ ਛਾਤੀ ਫਟ ਕੇ ਇਹ ਅਰਦਾਸ ਨਿਕਲਦੀ ਹੈ "ਇਹ ਸ਼ਬਦ ਜੋ ਇਨ੍ਹਾਂ ਔਜ਼ਾਰਾਂ ਨਾਲ ਇੱਥੇ ਹੋ ਰਿਹਾ ਹੈ, ਇਹੋ ਮੁਬਾਰਕ ਗੂੰਜ ਸਵਰਗਾਂ ਵਿੱਚ ਗੂੰਜੇ, ਇਹੋ ਮੁਬਾਰਕ ਆਵਾਜ ਧਰਤੀ ਦੇ ਦਿਲ ਨੂੰ ਪਿਆਰ ਚੀਰਾਂ ਪਾਣ, ਪਿਤਾਵਾਂ ਮਹਾਪਿਤਾਵਾਂ ਦੀ ਖਾਤਰ ਇਹ ਉਹੀ ਮਾਵਾਂ ਮਹਾਂ ਮਾਵਾਂ ਦੀ ਖਾਤਰ ਇਹ ਹੋਵੇ, ਸਰਬਤ ਦੇ ਭਲੇ ਲਈ ਇਹ ਹੋਵੇ ਤੇ ਇਹੋ ਐਮਪ੍ਰੈਸ ਮਾਂ ਇਕ ਸਦਾ ਕਵਿਤਾ ਲਿਖਦੀ ਹੈ। ਜਦ ਉਹ ਫੁੱਲ ਬੁੱਧ ਨੂੰ ਚੜ੍ਹਾਨ ਦੇ ਜੋਸ਼ ਵਿੱਚ ਆਉਂਦੀ ਹੈ "ਜੇ ਮੈਂ ਤੋੜਾਂ ਤਦ ਮੇਰੇ ਹੱਥ ਦੀ ਮੈਲ ਫੁੱਲਾਂ ਨੂੰ ਮੈਲਾ ਕਰੇਗੀ, ਇਸ ਕਰਕੇ ਮੈਂ ਇਨਾਂ ਹਰੇ ਖੇਤਾਂ ਵਿੱਚ ਖੜੀ ਹਵਾ ਨਾਲ ਹਿਲਦੇ ਫੁੱਲਾਂ ਨੂੰ ਆਦ ਜੁਗਾਦ ਤੇ ਹੁਣ ਦੇ ਬੁੱਲ੍ਹਾਂ ਨੂੰ ਚੜ੍ਹਾਂਦੀ ਹਾਂ" ॥

ਬੁੱਧ ਦੇ ਨਿਰਵਾਨ ਦੇ ਸਮੇਂ ਵਿੱਚ ਅਨੇਕ ਡੋਡੀਆਂ ਦਾ ਖਿੜਿਆ ਹੋਇਆ ਫੁੱਲ ਵਰਗਾ ਜਾਪਾਨ ਇਉਂ ਪ੍ਰਤੀਤ ਹੁੰਦਾ ਹੈ, ਜਿਵੇਂ ਏਸ਼ੀਆ ਦੇ ਹੋਰ ਮੁਲਕਾਂ ਖਾਸ ਕਰ ਹਿੰਦਸਤਾਨ ਦੇ ਕਾਲੇ ਹਨੇਰੇ ਤਲੇ ਦੇ ਚਿੱਕੜਾਂ ਵਿੱਚ ਉੱਗਿਆ ਇਕ ਫੁੱਲ ਦਾ ਬ੍ਰਿਛ ਟੇਢਾ ਹੋ ਸੂਰਜ ਦੀ ਸੁਨਹਿਰੀ ਕਿਰਣ, ਨੂੰ ਟੋਲਦਾ ਪੇਚ ਜਿਹੇ ਖਾਂਦਾ ਤਿੱਬਤ, ਚੀਨ, ਮਲਾਯਾ ਦੇ ਜਜ਼ੀਰਿਆਂ ਉੱਪਰੋਂ ਹੁੰਦਾ ਆਖਰ ਜਾਪਾਨ ਵਿੱਚ ਜਾ ਕੇ ਖਿੜਿਆ ਤੇ ਓਥੇ ਇਹਦੇ ਫੁੱਲਾਂ ਦਾ ਕੋਈ ਅੰਤ ਨਾ ਰਿਹਾ। ਸੋ ਜਦ ਕਦੀ ਏਸ਼ੀਆ ਦੇ ਆਰਟ ਦਾ ਪ੍ਰਭਾਵ ਦੇਖਣਾ ਹੋਵੇ, ਤਦ ਜਾਪਾਨ ਦੇ ਆਰਟ ਵਿੱਚ ਹੀ ਦੇਖ ਸੱਕੀਦਾ ਹੈ ਤੇ ਆਰਟ ਸਭ ਥਾਂ ਪਹਿਲਾਂ ਲੋਕਾਂ ਦੇ ਆਪਣੇ ਜੀਵਨ ਵਿੱਚ ਆਉਂਦਾ ਹੈ ਉੱਥੇ ਰਸ ਰੂਪ ਹੋ ਸਿੰਜਰਦਾ ਹੈ, ਝਰਦਾ ਹੈ ਤੇ ਜਦ ਗਿਰਾ ਵਿੱਚੋਂ ਦੀ ਫੁੱਟਦਾ ਹੈ ਤਦ ਉਹ ਕਵਿਤਾ ਹੈ, ਜਦ ਹੱਥਾਂ ਵਿੱਚ ਦੀ ਫੁੱਟਦਾ ਹੈ ਤਦ ਉਹ ਚਿਤ੍ਰਕਾਰੀ, ਪੱਥਰਾਂ ਦੇ ਬੁੱਤ ਦੇ ਚਿਤ੍ਰ ਬਨਾਣ ਵਿੱਚ ਪੂਰਣਤਾ ਨੂੰ ਪ੍ਰਾਪਤ ਹੁੰਦਾ ਹੈ। ਜਦ ਦਿਲ ਵਿੱਚੋਂ ਫੁੱਟਦਾ ਹੈ ਤਦ ਭਗਤੀ ਹੋ ਨਿਬੜਦਾ ਹੈ। ਤੇ ਮਨੁੱਖਾਂ ਜੁੜੇ ਸਮੂਹਾਂ ਦੇ ਦਿਲ ਵਿੱਚ ਦੀ ਫੁਟਦਾ ਹੈ, ਤਦ ਉਨ੍ਹਾਂ ਦੇ ਰਹਿਣ ਵਾਲੀ ਧਰਤ ਅਕਾਸ਼ ਨੂੰ ਅਨੋਖੇ ਗਹਿਣੇ ਪਾ ਇਉਂ ਸਜਾ ਦਿੰਦਾ ਹੈ, ਜਿਵੇਂ ਦੇਵੀ ਦੇਵਤਿਆਂ ਦਾ ਸਵਰਗ ਇਹੋ ਹੈ ਸੋ ਬੁੱਧ ਜੀ ਦਾ ਨਿਰਵਾਨ ਰਸ ਤੇ ਅਲੌਕਿਕ ਸਮਾਧੀ ਜਾਪਾਨ ਦੇ ਸਮੂਹਾਂ ਪਰ ਅੰਮ੍ਰਿਤ ਵਰਖਾ ਵਾਂਗ ਪਈ ਤੇ ਨਿਰਾ ਇਕ ਇਕ ਹੀ ਨਿਹਾਲ ਨਹੀਂ ਹੋਇਆ, ਸਾਰੀ ਕੌਮ ਦੀ ਕੌਮ ਵੱਡਾ ਨਿੱਕਾ, ਪਾਪੀ ਪੁੰਨੀ ਸਭ ਨਿਹਾਲ ਹੋਏ ਤੇ ਸੱਦਯਾਂ (ਸਦੀਆਂ) ਇਹ ਗੁਣ ਉਹ ਆਪਣੇ ਅੰਦਰ ਸਿੰਜਰਦੇ ਰਹੇ। ਹੁਣ ਨ ਰਸਿਕ ਸਖਸੀਅਤ ਸਦਾ ਕਰਤਾਰੀ ਹੁੰਦੀ ਹੈ ਜਿਵੇਂ ਰੱਬ ਦੀ ਕੁਦਰਤ ਕਰਤਾਰੀ ਸੁਹਣੱਪ, ਸੁਹਜ, ਧਰਮ, ਦਇਆ, ਦਰਦ ਆਦਿ ਦੀ ਉਪਜਾਊ ਹੈ।

35 / 100
Previous
Next