Back ArrowLogo
Info
Profile
ਇਹੋ ਜਹਿਆਂ ਜਰਵਾਣਿਆਂ ਦੀਆਂ ਕੌਮਾਂ ਦਾ ਆਪੋ ਵਿੱਚ ਸੁਲਹ ਕਰਨੀ ਤੇ ਏਕਤਾ ਕਰਨੀ ਕਿਸੀ ਤਰਾਂ ਸੋਹਣੀ ਚੀਜ ਨਹੀਂ, ਭਾਵ ਉਪਰ ਆਖਰ ਨਿਬੇੜੇ ਹਨ। ਪਰ ਜੇ ਬਘਿਆੜਾਂ ਦੇ ਸਾਹਮਣੇ ਨਿਰਬਲ ਮਾਂ ਭੈਣ, ਇਸਤ੍ਰੀ, ਬੱਚੇ ਖਤਰੇ ਵਿੱਚ ਹੋਣ ਤੇ ਉਸ ਵੇਲੇ ਵੇਦਾਂਤ ਦੀਆਂ ਗਿਆਨ ਅੱਖਾਂ ਖੋਹਲਕੇ ਅੱਖ ਮੀਟ ਲੈਣੀ ਕਿ ਇਹ ਸਭ ਮਿਥਯਾ ਹੈ, ਯਾ ਕਿਸੀ ਉੱਚੇ ਖਿਆਲ ਦੀ ਬਾਲ ਦੀ ਖਾਲ ਲਾਹ ਕੇ ਕਹਿਣਾ ਕਿ ਭਾਈ ਹੱਥ ਨਹੀਂ ਉਠਾਣਾ, ਆਪ ਮਰ ਜਾਓ ਇਨ੍ਹਾਂ ਮਸੂਮ ਜ਼ਿੰਦਗੀਆਂ ਨੂੰ ਮਾਰ ਦਿਓ ਪਰ ਬਘਿਆੜਾਂ ਦੇ ਗੋਲ ਉੱਪਰ ਹੱਥ ਨਹੀਂ ਉਠਾਣਾ ਹੈ, ਇਹ ਨਿਰੋਲ ਤੇ ਸੋਲਾਂ ਆਨੇ ਕਾਇਰਤਾ ਹੈ।ਜਿਸ ਤਰਾਂ ਮੁਲਕਗੀਰੀ ਤੇ ਮਾਸ ਖਾਣ ਦਾ ਲਾਲਚ ਬਘਿਆੜਾਂ ਨੂੰ ਇਕੱਠਾ ਕਰਦਾ ਹੈ, ਉਸੀ ਤਰਾਂ ਇਹੋ ਜਿਹੇ ਬਿਪਤਾ ਦੇ ਵੇਲੇ ਮਨੁੱਖ ਦੇ ਸਮੂਹਾਂ ਨੂੰ ਆਪਣੇ ਵਤਨ ਦਾ ਪਿਆਰ ਇਕ ਮੁੱਠ ਕਰ ਦਿੰਦਾ ਹੈ ਤੇ ਜਿਹੜਾ ਕੰਮ, ਇਕ ਨਹੀਂ ਕਰ ਸਕਦਾ, ਉਹ ਸਭ ਮਿਲ ਕੇ ਸਾਧ ਲੈਂਦੇ ਹਨ। ਜਿਸ ਤਰਾਂ ਉਨ੍ਹਾਂ ਬਘਿਆੜਾਂ ਨੂੰ ਚਲਾਣ ਵਾਲੀ ਤਾਕਤ ਉਨ੍ਹਾਂ ਦੇ ਜ਼ੁਲਮ ਕਰਨ ਦੀ ਭੁੱਖ ਹੈ, ਤਿਵੇਂ ਇਨ੍ਹਾਂ ਨੂੰ ਚਲਾਣ, ਵਾਲੀ ਨਿਰੋਲ ਇਕ ਮਨੁੱਖੀ ਅਣਖ ਹੈ, ਜੋ ਆਪਣੇ ਬੇਆਸਰੇ ਪਰੀਵਾਰ ਨੂੰ ਆਸਰਾ ਦਿੰਦੀ ਹੈ ਤੇ ਉਨ੍ਹਾਂ ਦੇ ਡੂੰਘੇ ਪਿਆਰ ਵਿੱਚ ਤੇ ਇਕ ਆਹਲਾ ਜੋਸ਼ ਵਿੱਚ ਆਪਣੀ ਜਾਨ ਉੱਪਰ ਖੇਡ ਜਾਂਦੀ ਹੈ। ਇਉਂ ਜਾਨ ਦੇ ਦੇਣਾ ਜਾਨ ਦੀ ਸਬ ਥੀਂ ਵੱਡੀ ਰੱਛਾ ਹੈ॥

ਪਰ ਕੀ ਜ਼ੁਲਮ ਕਰਨ ਦੀ ਭੁੱਖ ਵਾਸਤੇ ਜ਼ਾਲਮਾਂ ਦਾ ਇਕੱਠਾ ਹੋ ਦੂਜਿਆਂ ਦੇ ਮੁਲਕ ਤੇ ਘਰ ਸਾਂਭਣ ਤੇ ਲੁੱਟਣ ਦੇ ਰਾਜਸੀ ਇਕੱਠ, ਤੇ ਕੀ ਅੱਗੋਂ ਵਤਨ ਪਰ ਪਰਵਾਨੇ ਵਾਂਗ ਸ਼ਹੀਦ ਹੋ ਜਾਣ ਵਾਲੇ ਪਿਆਰ ਦੇ ਕੁੱਠੇ ਲੋਕੀ-ਦੋਵੇਂ ਤਦ ਹੀ ਮੁਮਕਿਨ ਹਨ-ਜਦ ਜੀਵਨ ਦੀਆਂ ਤੈਹਾਂ ਵਿੱਚ ਦੁਖ, ਦਰਦ ਦੀ ਅਸਲੀਅਤ ਵਿੱਚ ਕੋਈ ਰਹਿੰਦਾ ਹੋਵੇ, ਇਨਾਂ ਜ਼ਾਲਮਾਂ ਦੀਆਂ ਕੜੀਆਂ ਚਟਾਨ ਵਰਗੀਆਂ ਸੁਰਤਾਂ ਵੀ ਖੰਡਾ ਪਕੜ ਕੇ ਬੜੇ ਵਿਕਾਸ਼ ਵਿੱਚ ਆਉਂਦੀਆਂ ਹਨ, ਜੀਵਨ ਖੇਤ ਵਿੱਚ ਇਕ ਤਰਾਂ ਦੀ ਖੇਡ ਕਰਦੀਆਂ ਹਨ, ਦੁਖ ਸਹਿੰਦੀਆਂ ਹਨ, ਮੌਤ ਝਾਗਦੀਆਂ ਹਨ, ਸਭ ਕੁਛ ਆਪਣੇ ਸਿਰੜ ਉੱਪਰ ਵਾਰ ਦਿੰਦੀਆਂ ਹਨ, ਇਕ ਔਗਣ ਕਰਕੇ ਅਨੇਕ ਗੁਣਾਂ ਨੂੰ ਆਪਣੇ ਵਿੱਚ ਲਿਆਉਂਦੀਆਂ ਹਨ ਅਰ ਉਸ ਔਗਣ ਦਾ ਪਿੱਛਾ ਅਨੇਕ ਨੇਕੀਆਂ ਨੂੰ ਸਾਧ ਕੇ ਕਰੀ ਜਾਂਦੀਆਂ ਹਨ, ਉਨਾਂ ਦਾ ਵੀ ਇਸ ਕਰਕੇ ਇਕ ਪਾਸੇ ਦਾ ਮਨੁੱਖੀ ਆਚਰਣ ਪੈਦਾ ਹੋ ਜਾਂਦਾ ਹੈ, ਤੇ ਜੇਹੜੇ ਉਨ੍ਹਾਂ ਦਾ ਗਰੀਬ ਨਿਮਾਣਾ ਜਿਹਾ ਮੁਕਾਬਲਾ ਕਰ ਦੂਸਰਿਆਂ ਨੂੰ ਸੁਖ ਦੇਣ ਲਈ ਆਪ ਦੁੱਖ ਝਾਗਦੇ ਹਨ ਯਾ ਜਾਨ ਦੇ ਦਿੰਦੇ ਹਨ, ਉਹ ਵੀ ਖੇਤ੍ਰ ਵਿਚ ਇਕ ਆਲੀਸ਼ਾਨ ਆਦਰਸ਼ਕ ਜੀਵਨ ਤੇ ਆਚਾਰ ਦੀਆਂ ਜੋਤਾਂ ਜਗਾਂਦੇ ਹਨ। ਪਰ ਜੇਹੜੇ ਜੀਵਨ ਦੀਆਂ ਡੂੰਘੀਆਂ ਤੈਹਾਂ ਦੇ ਦੁੱਖਾਂ ਥੀਂ ਕਤਰਾਂਦੇ ਹਨ ਤੇ ਸਤਹ ਦੀ ਖਾ ਤੇ ਖੁਸ਼ ਰਹਿ ਦੀ ਖੁਦਗਰਜ਼ੀ ਵਿੱਚ ਰਹਿੰਦੇ ਹਨ ਤੇ ਕਿਸੀ ਜੀਵਨ ਦੇ ਮੁਸ਼ਕਲ ਨੂੰ ਹੱਲ ਕਰਨ ਵਿੱਚ ਨਹੀਂ ਲੱਗਦੇ ਪਹਿਨਣ ਤੇ ਖਾਣ ਤੇ ਵਿਸ਼ੇ ਭੋਗਾਂ ਦਿਆਂ ਗੁਲਛਰਿਆਂ ਵਿੱਚ ਦਿਨ ਤੇ ਰਾਤ ਬਿਤੀਤ ਕਰਦੇ ਹਨ ਤੇ ਦੁਖ, ਸਾਧਨ, ਪੀੜਾ, ਮੁਸ਼ਕਲ ਨੂੰ ਦੇਖ ਆਪਣੀ ਜਾਨ ਬਚਾਣ ਦੀ ਕਰਦੇ ਹਨ, ਨਾ ਉਨਾਂ ਨੂੰ ਮਾਂ ਨਾਲ, ਨਾ ਭੈਣ ਨਾਲ, ਨਾ ਇਸਤ੍ਰੀ ਨਾਲ ਡੂੰਘਾ ਪਿਆਰ ਹੋ ਸਕਦਾ ਹੈ ਤੇ ਨਾ ਜੀਵਨ ਦੀ ਕਮਾਲ ਸਾਦਗੀ-ਜਿਹੜੀ ਸੱਚੇ ਪਿਆਰ ਨਾਲ ਜਿੰਦ ਜਾਨ ਪਾਣ ਹੋ ਕੇ ਰਹਿੰਦੀ ਹੈ-ਦਾ ਕੁਛ ਪਤਾ ਲੱਗ ਸਕਦਾ ਹੈ, ਉਹ ਲੋਕੀ ਨੇਕੀ ਦੇ ਆਚਰਣ ਤੇ ਬਦੀ ਦੇ ਆਚਰਣ ਦੋਹਾਂ ਥੀਂ ਖਾਲੀ ਲੋਥਾਂ ਹੁੰਦੀਆਂ ਹਨ । ਇਹੋ ਜਿਹੇ ਲੋਕਾਂ ਵਿੱਚ ਨਾ ਜ਼ੁਲਮ, ਨਾ ਪਿਆਰ ਲਈ ਜਾਨ ਵਾਰ ਦੇਣ ਦੀ ਬੀਰਤਾ ਆ ਸਕਦੀ ਹੈ, ਜੀਂਦਾ ਜ਼ਾਲਮ ਚੰਗਾ, ਜੀਂਦਾ ਦੁਸ਼ਮਨ ਚੰਗਾ, ਪਰ ਖੁਦਗਰਜ਼ੀ ਵਿਚ ਲਿਬੜਿਆ, ਆਪਣੀ ਚੰਮ ਖੁਸ਼ੀਆਂ ਵਿੱਚ ਗਲਤਾਨ ਆਦਮੀ ਇਕ ਲਾਸ਼ ਹੈ॥

ਕੌਮ ਦੀ ਕੌਮ ਤਦ ਹੀ ਲਾਸ਼ਾਂ ਬਣ ਜਾਂਦੀ ਹੈ ਜਦ ਆਦਰਸ਼ ਦੀ ਤੀਬ੍ਰਤਾ, ਜ਼ਿੰਦਗੀ ਦੇ ਦੁੱਖ ਤੇ ਦਰਦ ਦੀਆਂ ਡੂੰਘਿਆਈਆਂ ਦੀ ਸਾਦਗੀ ਨੂੰ ਲੋਕੀ ਛੱਡ ਦੇਣ॥

ਫਰਾਂਸ ਵਿੱਚ ਜਦ ਬਾਦਸ਼ਾਹਾਂ ਨੇ ਮਹਿਲਾਂ ਨੂੰ ਆਪਣੀ ਐਸ਼ ਦੇ ਸਾਧਨ ਬਣਾ ਲਿਆ ਤੇ ਚਮ-ਖੁਸ਼ੀਆਂ ਵਿੱਚ ਦਿਨ ਰਾਤ, ਸ਼ਰਾਬ ਤੇ ਨਾਚ ਵਿਚ ਬਿਤਾਨ ਲੱਗੇ, ਤਾਂ ਇਕ ਭਾਂਬੜ ਮਚਿਆ ਸੀ, ਤੇ ਉਹ ਵੀ ਤਾਂ ਮਚਿਆ ਸੀ,

41 / 100
Previous
Next