Back ArrowLogo
Info
Profile
ਤੇ ਰੂਹ ਦਾ ਆਪਾ ਅੰਦਰੋਂ ਤਾਂ ਬਾਹਰ ਨਿਕਲਦਾ ਹੈ ਤੇ ਬਾਹਰ ਸਾਰੇ ਨੂੰ ਅੰਦਰ ਬਣਾਕੇ ਆਪਾ ਪਾਂਦਾ ਹੈ।ਜਿਵੇਂ ਲਾਜਵੰਤੀ ਛੋਹ ਦਾ ਵਾਰ ਖਾ ਕੇ ਮੁੰਦ ਜਾਂਦੀ ਹੈ, ਤਿਵੇਂ ਸੁਹਣੱਪ ਦੇ ਰੂਪਾਂ ਤੇ ਰੰਗਾਂ ਦੀ ਛੋਹ ਪਾ ਕੇ ਰੂਹ ਮੁੜ ਜਾਂਦਾ ਹੈ, ਇਹਦੇ ਨੈਣ ਬੰਦ ਹੋ ਜਾਂਦੇ ਹਨ ਤੇ ਇਹ ਪਿਆਰ ਦੀ ਜੋਤ ਨੂੰ ਜਗਾ ਅੰਦਰ ਵਿਗਸਣ ਲਗ ਜਾਂਦਾ ਹੈ:-

"ਨਾਮੇ ਪੀਤਿ ਨਾਰਾਇਣ ਲਾਗੀ ॥

ਸਹਜ ਸੁਭਾਇ ਭਇਓ ਬੈਰਾਗੀ ॥        

ਜਿਨ੍ਹਾਂ ਨੂੰ ਅਸੀਂ ਪਿਆਰ ਸਮਝਦੇ ਹਾਂ ਉਹ ਪਿਆਰ ਦੇ ਝਲਕੇ, ਝਾਂਵਲੇ ਹਨ । ਇਕ ਵੇਰੀ ਇਕ ਪੇਂਡੂ ਅੰਗ੍ਰੇਜ਼ ਗਰੀਬੀ ਦੇ ਕਾਰਣ ਗਰੀਬ-ਘਰ ਵਿੱਚ ਲਿਆਂਦਾ ਗਿਆ। ਉਹਦੀ ਤੀਮੀ "ਮੇਰੀ" ਵੀ ਨਾਲ ਆਈ।  ਉਹ ਜਨਾਨੀਆਂ ਵਾਲੇ ਪਾਸੇ ਭੇਜੀ ਗਈ ਤੇ ਉਹ ਮਰਦਾਂ ਵਿੱਚ ਕੰਮ ਕਰਦਾ ਰਿਹਾ। ਯਾ ਕਿਸੀ ਹੋਰ ਤਰ੍ਹਾਂ ਐਸੀ ਘਟਨਾ ਹੋਈ ਕਿ ਉਹ ਇਸ ਗਰੀਬ-ਘਰ ਵਿੱਚ ਉਸ ਰਾਤੀ ਆਪਣੀ "ਮੇਰੀ" ਨੂੰ ਨਾ ਮਿਲ ਸੱਕਿਆ ਤੇ ਉਸ "ਗਰੀਬ-ਘਰ" ਦੇ ਕਰਤਿਆਂ ਧਰਤਿਆਂ ਨੂੰ ਬੜੀ ਪੀੜ ਨਾਲ ਕਹਿੰਦਾ ਹੈ, ਕਿ ਅਜ ਮੈਂ "ਮੇਰੀ" ਨੂੰ ਨਹੀਂ ਮਿਲ ਸੱਕਾਂਗਾ ? ਅਜ ਪੰਜਾਹ ਸਾਲ ਥੀਂ ਹਰ ਰਾਤ ਮੈਂ ਮੇਰੀ ਨੂੰ ਮਿਲ ਕੇ 'ਗੁਡ-ਨਾਈਟ ਕਿੱਸ' (ਰਾਤ ਵਿਛੋੜੇ ਦੀ ਚੁੰਮੀ) ਦਿੰਦਾ ਰਿਹਾ ਹਾਂ, ਕੀ ਅਜ ਮੈਂ "ਗੁਡ-ਨਾਈਟ ਕਿੱਸ" ਨਹੀਂ ਕਰ ਸੱਕਾਂਗਾ । ਇਸ ਹਾੜੇ ਵਿੱਚ ਅਜੀਬ ਦਰਦ ਤੇ ਬੇਬਸੀ ਸੀ ਇਹੋ ਜਿਹੇ ਨੇਮੀ ਪ੍ਰੇਮੀ ਮਨੁੱਖੀ ਪਿਆਰ ਵਿੱਚ ਜਦ ਉਹ ੫੦ ਸਾਲ ਪਕਦਾ ਹੈ ਉਸ ਵਿੱਚ ਪਿਆਰ ਮੂਰਤੀ ਮਾਨ ਹੁੰਦਾ ਹੈ । ਅਰਸ਼ਾਂ ਦੇ ਪਿਆਰ ਦੇ ਇਕ ਕਿਸੀ ਪ੍ਰਭਾਵ ਦੀ ਤਸਵੀਰ ਆਣ ਉਤਰਦੀ ਹੈ। ਲਗਾਤਾਰ ਐਸਾ ਪਿਆਰ ਭਰਿਯਾ ਨੇਮ ਸਿਮਰਨ ਹੋ ਜਾਂਦਾ ਹੈ ॥

ਪਿਆਰ ਇਕ ਦ੍ਰਵਿਤਾ ਹੈ, ਜਿਹੜੀ ਨਦੀ ਦੇ ਵਹਿਣ ਵਾਂਗ "ਖਿਮਾ, ਦਯਾ", ਤੇ ਸਦਾ 'ਮਾਫੀ' ਵਿੱਚ ਵਿਚਰਦਾ ਹੈ। ਇਹਦਾ ਇਨਸਾਫ ਬਸ ਬਖਸ਼ਣਾ ਤੇ ਪਿਆਰ ਕਰਨਾ ਹੈ । ਇਹ ਤਾਂ ਗੰਗਧਾਰ ਹੋਈ ਜਿਸ ਵਿੱਚ ਸਭ ਕੁੜ ਦੀ ਮੈਲ ਉਤਰ ਜਾਂਦੀ ਹੈ । ਚਾਨਣੇ ਵਿੱਚ ਹਨੇਰੇ ਦਿਆਂ ਕੂੜੇ ਭੁਲੇਖਿਆਂ ਤੇ ਪ੍ਰਛਾਵਿਆਂ ਦਾ ਮੁੜ ਕੌਣ ਜ਼ਿਕਰ ਕਰਦਾ ਹੈ ?

ਨੈਣ ਵਿਚ ਦੁਖੀਆਂ ਲਈ ਅੱਥਰੂ ਹਨ। ਸੰਦਲ ਦੇ ਬ੍ਰਿੱਛ ਵਾਂਗ ਕੁਹਾੜਾ ਮਾਰਣ ਵਾਲਿਆਂ ਲਈ ਸੁਗੰਧੀ ਤੇ ਕੁਰਬਾਨੀ ਹੈ, ਸੁਭਾ ਹੀ ਜਦ ਸੁਗੰਧੀ ਹੋਯਾ । ਰੇਸ਼ਮ ਦਾ ਕੀੜਾ ਸ਼ਾਇਦ ਰੇਸ਼ਮ ਦੀ ਤੰਦ ਆਪਣੇ ਵਿੱਚੋਂ ਕਦੀ ਕੱਢ ਨਾ ਸਕੇ ਤਾਂ ਸੰਭਵ ਹੈ, ਪਰ ਪਿਆਰ ਨਾਲ ਜੀਂਦਾ ਬੰਦਾ ਕਦੇ ਵੈਰ, ਵਿਰੋਧ ਕਰ ਹੀ ਨਹੀਂ ਸਕਦਾ ॥

ਵੈਰ ਦਾ ਕੰਮ ਹੈ, ਕਿਸੀ ਸੋਹਣੀ ਚੀਜ ਨੂੰ ਅੰਨ੍ਹੇ ਵਾਹ ਜੱਫਾ ਮਾਰ ਆਖਣਾ ਮੇਰੀ ਹੈ ਤੇ ਆਪਣੀ ਬਨਾਣ ਵਿੱਚ ਹੀ ਸਭ ਵੈਰ ਵਿਰੋਧਾਂ ਦਾ ਮੂਲ ਹੈ । ਜਿਹਨੂੰ ਅਸੀ ਹੱਥਾਂ ਨਾਲ ਫੜ ਸੱਕਦੇ ਹਾਂ, ਉਹ ਤਾਂ ਸੁਹਣੱਪ ਹੋ ਹੀ ਨਹੀਂ ਸਕਦੀ । ਸੁਹਣੱਪ ਸਦਾ ਰੂਹ ਵਿੱਚ ਵਸਦੀ ਹੈ, ਉਹਨੂੰ ਹੱਥ ਫੜ ਹੀ ਨਹੀਂ ਸੱਕਦੇ, ਜਿਹੜੀ ਅਸਾਂ ਫੜੀ ਹੈ ਉਹ ਕੁਛ ਹੋਰ ਹੈ । ਜੱਫੀ ਜਿਸਮਾਨੀ ਜਿਹਨੂੰ ਅਸੀ ਮਾਰ ਕੇ ਕਹਿੰਦੇ ਹਾਂ, ਕੇਹੀ ਠੰਢ ਪਈ ਹੈ, ਇਹ ਠੰਢ ਤਾਂ ਇਕ ਅਕਹ ਜਿਹੀ ਰੂਹ ਦੇ ਦੇਸ ਦੀ ਆਈ ਮਧਮ ਵੇਗ ਦੀ ਕੋਈ ਸਮੀਰ ਹੈ। ਜਿਸਮ ਤਾਂ ਪੰਜ ਤਤ ਦੇ ਮਾਸਾਂ ਦੇ ਅਕਾਰ ਹਨ, ਉਨਾਂ ਵਿੱਚ ਇਹੋ ਜਿਹੀ ਅਪਕ੍ਰਿਤਕ ਚੀਜ਼ (ਜੋ ਪ੍ਰਕ੍ਰਿਤੀ ਅਰਥਾਤ ਮਾਦੇ ਦੀ ਨਾ ਹੋਵੇ ।) ਰੂਹ ਨੂੰ ਠੰਢ ਪਾਣ ਵਾਲੀ ਬਰਕਤ ਕਿੱਥੇ ? ਤੇ ਜੇ ਹੈ ਤਾਂ ਕਈ ਪਏ ਜੱਫੀਆਂ ਮਾਰਦੇ ਹਨ। ਇਕ ਭੁੱਸ ਜਿਹਾ ਹੀ ਹੁੰਦਾ ਹੈ, ਉਹ ਅਕਥਨੀਯ ਜਿਹੀ ਆਵੇਸ਼ਕ ਠੰਢਕ ਸਦਾ ਕਿਉਂ ਨਹੀਂ ਆਉਂਦੀ? ਸਾਰੀ ਉਮਰ ਜੱਫੀਆਂ ਮਾਰ ਮਾਰ ਆਖਰ ਕਾਲਖ ਨਾਲ ਹਥ ਭਰੇ ਦਿਸਦੇ ਹਨ॥

ਪਿਆਰ ਇਸ ਅੰਸ਼ ਵਿੱਚ ਇਕ ਸਦਾ ਵੈਰਾਗਯਵਾਨ ਕੋਮਲਤਾ ਹੈ, ਜਿਸ ਵਿੱਚ ਹਰ ਘੜੀ ਅਖੰਡ ਤੇ ਸੀਮਾ ਰਹਿਤ ਤਿਆਗ ਹੈ। ਜਿਸ ਤਿਆਗ ਵਿੱਚ ਰੂਹ ਦੇ ਸੂਖਮ ਤਰਲ ਰੂਪਾਂ ਦਾ ਤਾਂ ਪੱਕਾ ਗ੍ਰਹਿਣ ਹੈ ਤੇ ਮਾਯਕ ਠੋਸ-ਕੂੜਾਂ ਦਾ ਤਿਆਗ ਹੈ ਤੇ ਇਹ ਕੋਈ ਪ੍ਰਤਿਗਯਾ ਯਾ ਨੇਮ ਰੂਪ ਵਿੱਚ ਨਹੀਂ, ਇਹ ਉਸੀ ਤਰਾਂ ਪਿਆਰ ਦਾ ਸਹਿਜ ਲੱਛਣ ਹੈ, ਜਿਸ ਤਰ੍ਹਾਂ ਅੱਗ ਦੀ ਲਾਲੀ ਅੱਗ ਦਾ ਹੋਣ ਦਰਸਾਂਦੀ ਹੈ ॥

5 / 100
Previous
Next