

ਇਸ ਵਾਕ ਲਈ ਜਦ ਉਸ ਬੁੱਢੀ ਸਵਾਣੀ ਨੇ ਸ਼ੁਕਰਗੁਜ਼ਾਰੀ ਕੀਤੀ ਤਦ ਉਹਦੀ ਮੂੰਹ ਦੀਆਂ ਝੁਰਲੀਆਂ ਤੇ ਲਾਲੀ ਭਾ ਮਾਰਨ ਲੱਗ ਗਈ ਤੇ ਬਿਹਬਲ ਹੋਕੇ ਬੋਲੀ "ਮੈਨੂੰ ਹੁਣ ਆਪ ਨੇ ਸੋਹਣਾ ਕਰਨਾ ਹੈ, ਜੋ ਮੈਂ ਉਸ ਪਿਆਰੇ ਨੂੰ ਸੋਹਣੀ ਲੱਗਾਂ, ਜਿਸ ਦੇ ਪਿਆਰ ਵਿੱਚ ਮੈਂ ਸਾਰਾ ਜੀਵਨ ਨਾਚ ਕੀਤਾ ਹੈ, ਹੁਣ ਉਹ ਮੈਨੂੰ ਨਹੀਂ, ਹਜ਼ੂਰ ਦੀ ਰਸਿਕ ਕਿਰਤ ਨੂੰ ਦੇਖ ਕੇ ਖੁਸ਼ ਹੋਵੇਗਾ ਤੇ ਓਹ ਪਿਆਰਾ ਮੈਨੂੰ ਮਾਫ ਕਰਸੀ, ਕਿ ਮੈਂ ਹੁਣ ਓਸ ਅੱਗੇ ਨੱਚ ਨਹੀਂ ਸੱਕਦੀ॥"
ਫਿਰ ਉਸ ਚਿਤ੍ਰਕਾਰ ਆਚਾਰਯ ਨੇ ਉਹਨੂੰ ਤਸੱਲੀ ਦਿੱਤੀ "ਕਿ ਆਪ ਕਲ ਆਵੋ, ਮੈਂ ਆਪਦੀ ਓਹੋ ਜੋਬਨ ਮੱਤੀ ਛੱਬੀ ਮੁੜ ਚਿਤ੍ਰਾਂਗਾ ਤੇ ਮੈਂ ਓਨਾ ਹੀ ਉਨਰ ਤੇ ਵਕਤ ਤੇ ਰੀਝ ਆਪ ਦੇ ਚਿਤ੍ਰ ਤੇ ਲਾਵਾਂਗਾ, ਜਿਹੜਾ ਮੈਂ ਬਾਦਸ਼ਾਹਜ਼ਾਦਿਆਂ ਦੇ ਮਹਿੰਗੇ ਥੀਂ ਮਹਿੰਗੇ ਕੰਮ ਤੇ ਖਰਚਦਾ ਹਾਂ। ਆਪ ਕੋਈ ਫਿਕਰ ਤੇ ਸ਼ੱਕ ਨਾ ਕਰਨਾ, ਆਪ ਨੇ ਕਲ ਆ ਜਾਣਾ॥" ਮੁਕੱਰਰ ਵਕਤ ਤੇ ਓਹ ਦੁਸਰੇ ਭਲਕ ਆਈ, ਤੇ ਚਿਤ੍ਰਕਾਰ ਨੇ ਨਰਮ ਸਫੈਦ ਰੇਸ਼ਮ ਤੇ ਉਹਦਾ ਚਿਤ੍ਰ ਖਿੱਚਿਆ ਪਰ ਇਹ ਚਿਤ੍ਰ ਉਹਦੀ ਹੁਣ ਦੀ ਸ਼ਕਲ ਦਾ ਨਹੀਂ ਸੀ ਇਹ ਓਹ ਝਾਕਾ ਸੀ, ਜੋ ਆਪ ਨੇ ਉਸ ਰਾਤ ਦੇਖਿਆ ਸੀ। ਪੰਛੀ ਵਾਂਗੂ ਸ਼ੋਖ ਨੈਨੀ, ਬਾਂਸ ਦੀ ਟਹਿਣੀ ਵਾਂਗੂ ਪਤਲੀ ਯੁਵਤੀ, ਤੇ ਸੋਨੇ ਤੇ ਰੇਸ਼ਮ ਦੀ ਪੁਸ਼ਾਕ ਪਾਈ ਇਕ ਸਵਰਗ ਦੀ ਦੇਵੀ ਵਾਂਗ ਚਮਕਦੀ ਐਸੀ ਛੱਬੀ ਸੀ, ਕਿ ਅੱਖ ਦੇਖਕੇ ਚੁੰਧਿਆਂਦੀ ਸੀ। ਓਸ ਉਸਤਾਦ ਦੇ ਬ੍ਰਸ਼ ਦੀ ਕਲਾ ਨਾਲ ਗਿਆ ਗੁਜਰਿਆ ਜੋਬਨ ਮੁੜ ਵਾਪਸ ਆਇਆ, ਉਹ ਮੁਰਝਾ ਗਿਆ ਸੁਹਣੱਪ ਫਿਰ ਟਹਿਕਿਆ ਤੇ ਉਹ ਗੁਜਰ ਚੁਕੀ ਨਾਜ਼ਨੀਨ ਦਾ ਸਾਰਾ ਨਾਜ਼ ਮੁੜ ਪ੍ਰਤੱਖ ਦਿਸਿਆ। ਜਦ ਓਹ ਤਸਵੀਰ ਬਣ ਗਈ ਤੇ ਓਸ ਆਪਣੀ ਮੁਹਰ ਉਸ ਉਪਰ ਲਾ ਦਿੱਤੀ ਤੇ ਰੇਸ਼ਮੀ ਕੱਪੜੇ ਵਿੱਚ ਜੜ ਦਿੱਤੀ ਤੇ ਸੀਡਾਰ ਦੇ ਰੂਲਿਆਂ ਵਿੱਚ ਦੰਦ-ਖੰਡ ਦੇ ਲਾਟੂਆਂ ਨਾਲ ਠੀਕ ਜੜ ਕੇ ਸਜਾ ਦਿੱਤੀ ਤੇ ਰੇਸ਼ਮੀ ਡੋਰਾ ਵੀ ਦਿੱਤਾ, ਜਿਸ ਨਾਲ ਓਹਨੂੰ ਲਟਕਾਣਾ ਸੀ ਤੇ ਸਫੈਦ ਲਕੜ ਦੇ ਬਕਸ ਵਿੱਚ ਮੁੜ ਸਾਰੀ ਨੂੰ ਬੰਦ ਕਰ ਦਿੱਤਾ, ਇਉਂ ਮੁਕੰਮਲ ਕਰ ਉਸ ਸਵਾਣੀ ਦੇ ਭੇਟਾ ਕੀਤੀ॥
ਨਾਲੇ ਉਸਨੇ ਆਪਣੀ ਚਾਹ ਪ੍ਰਗਟ ਕੀਤੀ ਕਿ ਉਹਦੇ ਗੁਜ਼ਾਰੇ ਲਈ ਕੁਛ ਮਾਯਾ ਵੀ ਨਾਲ ਭੇਟਾ ਕਰੇ, ਪਰ ਇਹ ਉਸ ਸਵਾਣੀ ਨੇ ਨਾ ਮਨਜ਼ੂਰ ਕੀਤੀ॥
ਓਹ ਰੋ ਕੇ ਬੋਲੀ "ਨਹੀਂ ਮੈਨੂੰ ਇਸ ਮਾਯਾ ਦੀ ਲੋੜ ਨਹੀਂ, ਬੱਸ ਮੇਰੀ ਲੋੜ ਇਹ ਚਿਤ੍ਰ ਸੀ, ਸੋ ਆਪ ਨੇ ਬਣਾ ਦਿੱਤਾ ਹੈ। ਇਸਦੀ ਪ੍ਰਾਪਤੀ ਲਈ ਮੈਂ ਅਰਦਾਸਾਂ ਕੀਤੀਆਂ ਸੋ ਮੇਰੀਆਂ ਅਰਦਾਸਾਂ ਕਬੂਲ ਹੋ ਗਈਆਂ ਹਨ, ਤੇ ਹੁਣ ਮੈਨੂੰ ਇਸ ਜੀਵਨ ਵਿੱਚ ਹੋਰ ਕੋਈ ਸੰਕਲਪ ਨਹੀਂ ਹੈ, ਤੇ ਹੁਣ ਇਉਂ ਨਿਰਸੰਕਲਪ ਹੋ ਕੇ ਜੇ ਮੈਂ ਇਥੇ ਮਰਨ ਆਈ ਹਾਂ ਤਦ ਜਰੂਰ ਹੈ, ਕਿ ਮੈਨੂੰ ਮਰ ਕੇ ਬੁੱਧ ਦੇ ਰਾਹ ਉੱਪਰ ਜਾਣਾ ਮੁਸ਼ਕਲ ਨਹੀਂ ਹੋਵੇਗਾ, ਤੇ ਬੱਸ ਇਕ ਅਫਸੋਸ ਹੈ, ਕਿ ਆਪ ਨੂੰ ਇਸ ਬੜੇ ਕੰਮ ਲਈ ਮੇਰੇ ਪਾਸ ਦੇਣ ਨੂੰ ਕੁਛ ਨਹੀਂ ਹੈ, ਤੇ ਇਹ ਨਾਇਕਾ ਦੀ ਪਿਸ਼ਵਾਜ਼ ਹੈ, ਜੇ ਆਪ ਕਬੂਲ ਕਰੋ ਤਦ ਮੈਂ ਬੜੀ ਪ੍ਰਸੰਨ ਹੋਵਾਂਗੀ, ਤੇ ਅਰਦਾਸ ਕਰਾਂਗੀ ਕਿ ਆਪ ਨੂੰ ਆਪਦੀਆਂ ਜੀਵਨ ਦੀਆਂ ਸਾਰੀਆਂ ਆਸਾਂ ਮੁਰਾਦਾਂ ਪੂਰੀਆਂ ਹੋਣ॥