

ਹੁਣ ਤਾਂ ਮੇਰੇ ਤੇ ਮਿਹਰ ਕਰ, ਮੈਨੂੰ ਛੱਡੋ, ਆਪ ਨੇ ਮੈਨੂੰ ਬੜਾ ਭੁਲਾਇਆ। ਆਖਰ ਆਪ ਕੀ ਕਹਿੰਦੇ ਹੋ ? ਜੇ ਮੈਂ ਰੱਬ ਨੂੰ ਆਖਾਂ, ਅਰਦਾਸ ਕਰਾਂ ਕ ਮੈਨੂੰ ਉਨ੍ਹਾਂ ਉਲਝਣਾਂ ਵਿੱਚੋਂ ਕੱਢੇ ਜਿਸ ਵਿੱਚ ਆਪ ਨੇ ਪਾਇਆ ਤਦ ਆਪ ਘੜੀ ਦੀ ਘੜੀ ਟਿਕ ਜਾਂਦੇ ਹੋ। ਕਈ ਵੇਰੀ ਆਪ ਨੇ ਖੂਹ ਵਿੱਚ ਸੁਟਿਆ, ਕਈ ਵੇਰੀ ਅਰਦਾਸ ਕੀਤੀ, ਕਈ ਵੇਰੀ ਰੱਬ ਜੀ ਆਏ, ਉਨਾਂ ਦੇ ਹੱਥ ਚਿੱਕੜ ਨਾਲ ਲਿੱਬੜੇ। ਮੈਨੂੰ ਭੁੱਲੇ ਨੂੰ ਕੱਢਿਆ, ਫਾਥੇ ਨੂੰ ਆਜ਼ਾਦ ਕੀਤਾ, ਸੰਕਲਪ ਮੇਰੇ ਅਨੇਕ, ਉਨਾਂ ਸੰਕਲਪਾਂ ਦੀ ਪੂਰਤੀ ਦਾ ਮੀਹ ਪਾਇਆ, ਪਰ ਆਪ ਆਪਣੀਆਂ ਸ਼ੈਤਾਨੀਆਂ, ਸ਼ਰਾਰਤਾਂ ਥੀਂ ਬਾਜ ਨਾ ਆਏ। ਕੀ ਗਯਟੇ ਦੇ ਫੂਓਸਟ ਵਿਚ ਸ਼ੈਤਾਨ ਦੇ ਰੂਪ ਦੀ ਛਾਯਾ ਆਪਦਾ ਹੀ ਇਕ ਵਟਾਂਦਰਾ ਤਾਂ ਨਹੀਂ॥
ਉਹ ਬਚਪਣ ਹੀ ਚੰਗਾ ਸੀ, ਜਦ ਆਪ ਨਾਲ ਵਾਕਫੀਅਤ ਨਹੀਂ ਹੋਈ ਸੀ। ਚੰਨ ਨੂੰ ਵੇਖ ਕੇ ਘਾਹ ਉੱਪਰ ਪਿਆ ਹੀ ਅੰਗੂਠਾ ਮੂੰਹ ਵਿੱਚ ਪਾਇਆ ਮੈਂ ਹੱਸਦਾ ਸਾਂ। ਦੁੱਖ ਕੀ ਸਨ? ਬੱਸ ਇਕ ਭੁੱਖ, ਜਦ ਭੁੱਖ ਲੱਗਦੀ ਸੀ, ਤਦ ਰੋਂਦਾ ਸਾਂ। ਮਾਂ ਬਿਚਾਰੀ ਮਮਤਾ ਦੀ ਮਾਰੀ ਦੁੱਧ ਪਿਲਾ ਦਿੰਦੀ ਸੀ, ਸਾਫ ਸੁਥਰਾ ਵੀ ਕਰ ਜਾਂਦੀ ਸੀ, ਇਕ ਪੂਰੀ ਸੰਨਿਆਸ ਅਵਸਥਾ ਸੀ, ਆਪਣਾ ਦੇਹ ਅਧਯਾਸ ਕੋਈ ਨਹੀਂ ਸੀ॥
ਜਦ ਮਾਂ ਦੀ ਕੁੱਛੜ ਥੀਂ ਉਤਰ ਆਪਣੇ ਪੈਰੀਂ ਚੱਲਣ ਲੱਗਾ, ਤਦ ਵੀ ਜਿੰਦਗੀ ਕੋਈ ਵਬਾਲ ਨਹੀਂ ਸੀ ਦਿੱਸਦੀ, ਤੜਾਗੀ ਵਿੱਚ ਨਿੱਕੀਆਂ ਨਿੱਕੀਆਂ ਚਾਂਦੀ ਦੀਆਂ ਘੁੰਘਰੀਆਂ ਲੱਗੀਆਂ ਵਜਦੀਆਂ ਜਾਂਦੀਆਂ ਸਨ, ਜਦ ਮੈਂ ਟੁਰਦਾ ਸੀ ਆਵਾਜ਼ ਸੋਹਣਾ ਲੱਗਦਾ ਸੀ, ਮੈਂ ਦੌੜਦਾ ਸੀ ਖੁਸ਼ ਹੁੰਦਾ ਸੀ, ਦੁਨੀਆਂ ਬਸ ਮੇਰੇ ਆਪਣੇ ਮਚਾਏ ਸ਼ੋਰ ਸੀ, ਮੈਂ ਹੈਰਾਨ ਹੁੰਦਾ ਸਾਂ ਕਿ ਇਹ ਹੋਰ ਲੋਕੀ ਕਿਧਰ ਭੱਜੀ ਫਿਰਦੇ ਹਨ? ਸਭ ਕੁਛ ਤਾਂ ਮੇਰੇ ਕਦਮ ਕਦਮ ਚੱਲਣ ਵਿੱਚ, ਹੱਸਣ ਵਿੱਚ, ਤੇ ਜਮੀਨ ਤੇ ਪੈ ਲੋਟ ਲੋਟ ਕੇ ਖਿੜ ਖਿੜ ਦਿੱਸਣ ਵਿੱਚ ਹੈ॥
ਸੋ ਬਹਿਸ਼ਤ ਮੇਰਾ ਹਾਲੇ ਵੀ ਨਹੀਂ ਸੀ ਮੈਥੋਂ ਖੁੱਸਿਆ, ਜੇ ਆਪ ਨੇ ਖਿਸਕਾਣਾ ਆਰੰਭ ਦਿੱਤਾ ਸੀ ਤਾਂ ਵੀ ਮੈਨੂੰ ਪਤਾ ਨਹੀਂ ਸੀ ਲੱਗਾ॥
ਬਾਲਪਣ ਗਿਆ, ਲੜਕਪਣ ਆਯਾ। ਮਾਪਿਆਂ ਨੇ ਪੜ੍ਹਣ ਪਾਇਆ, ਕਦੀ ਮਸੀਤੇ ਘੱਲਿਆ, ਕਦੀ ਧਰਮਸਾਲੇ,ਅੱਖਰ ਅਣੋਖੇ ਲੱਗੇ, ਤੇ ਮੁੜ ਮੁੜ ਬੋਲ, ਬੋਲ ਮੁੜ ਮੁੜ ਲਿਖ ਲਿਖ ਕੇ, ਮਸੇ ਸਿੰਝਾਤੇ, ਇਕ ਦੁਨੀਆਂ ਸੀ, ਵੱਡੀ ਇਕ ਕਿਤਾਬ ਕੋਈ ੧੦੦ ਸਫੇ ਦੀ ੧੮''×੨੨'' ਸਾਈਜ਼ ਦੀ-ਭਾਵੇਂ ਜ਼ਿਲਾ ਹਜਾਰੇ ਦੀ ਮਿਸਲ ਬੰਦੋਬਸਤ ਹੀ ਹੋਵੇ-ਪਈ ਸੀ, ਤੇ ਚਾਈਂ ਚਾਈਂ ਮੈਂ ਕੁਛ ਡਰਦਾ ਡਰਦਾ, ਕੁਛ ਦਲੇਰੀ ਕਰਕੇ, ਖੋਹਲ ਕੇ ਸਿੰਝਾਤੇ ਹਰਫਾਂ ਨੂੰ ਵੇਖਦਾ ਸੀ, ਜਿਸ ਤਰਾਂ ਲੰਡਨ ਜੈਸੇ ਸ਼ਹਿਰ ਵਿੱਚ ਫਿਰ ਫਿਰ ਜਦ ਕੋਈ ਆਪਣਾ ਜਾਣ ਪਛਾਣ ਮਿਲੇ ਤੇ ਖੁਸ਼ੀ ਹੁੰਦੀ ਹੈ, ਉਵੇਂ ਉਨਾਂ ਹਰਫਾਂ ਦੇ ਜੰਗਲ ਵਿੱਚ ਜਦ ਅਲਫ਼ ਯਾ ਬੇ ਦੇ ਦਰਸ਼ਨ ਹੁੰਦੇ ਸਨ, ਤਦ ਮਾਂ ਤੇ ਪਿਉ ਦੋਹਾਂ ਨੂੰ ਖੁਸ਼ੀ ਵਿੱਚ ਚੀਖਾਂ ਮਾਰੀਦਾ ਸੀ ਕਿ ਉਹ "ਅਲਫ" ਮਿਲੀ ਉਹ "ਬੇ" ਮਿਲੀ, ਤੇ ਇਉਂ ਕਿਤਾਬਾਂ ਵਿੱਚ ਬੰਦੇ ਮਿਲਣ ਲਗ ਗਏ। ਇਹ ਸ਼ਹਿਰਾਂ ਵਰਗੀਆਂ ਚੀਜਾਂ ਸਨ, ਪਰ ਭੁੱਲੇ ਕਦੀ ਨਾ ਸੇ, ਮੌਲਵੀ ਜੀ ਸਾਹਿਬ ਘੋੜੇ ਤੇ ਜਾ ਰਹੇ ਹਨ, ਉਹ ਲੰਮੀ ਦਾਹੜੀ, ਸੋਹਣੀ ਪਗੜੀ ਤੇ ਉਹ ਮੌਲਵੀਆਂ ਵਾਲਾ ਵੱਟਿਆ ਜਿਹਾ ਮੂੰਹ ਦਿੱਸ ਪੈਂਦਾ ਸੀ। ਜੇ ਮਾਲੀ ਕੋਲ ਜਾ ਖਲੋਤੇ ਹਾਂ, ਤਾਂ ਉਸ ਵਿਚਾਰੇ ਕੋਈ ਗੱਲ ਹੀ ਦੱਸੀ ਤੇ ਸਾਡੀਆਂ ਖੁਸ਼ੀਆਂ ਉਸੇ ਵਿੱਚ ਸਨ, ਓਹ ਪਿਉ ਆਇਆ ਹੈ ਤੇ ਇਕ ਬੱਲਾ ਤੇ ਗੇਂਦ ਲੈ ਆਇਆ ਹੈ, ਬੱਸ ਦੋਹਾਂ ਰੂਸਾਂ ਦਾ ਰਾਜ ਮਿਲ ਗਿਆ-"ਮਾਂ,ਅਜ ਇਨਸਪੈਕਟਰ ਨੇ ਸਕੂਲ ਆਉਣਾ ਹੈ ਤੇ ਵੱਡੇ ਮਾਸਟਰ ਨੇ ਆਖਿਆ ਹੈ, ਪਗੜੀਆਂ ਗੁਲਾਬੀ ਹੋਣ, ਕੋਟ ਪੀਲੇ ਹੋਣ ਤੇ ਪਜਾਮੇ ਚਿੱਟੇ ਹੋਣ, ਨਵੀਂ ਜੁੱਤੀ ਹੋਵੇ, ਕਿਤਾਬਾਂ ਸਾਰੀਆਂ ਸਾਫ ਹੋਣ, ਸਲੇਟ ਹੋਵੇ, ਸਲੇਟ ਪਿਨਸਲ ਹੋਵੇ।" ਮਾਂ ਨੇ ਭੈਣਾਂ ਨੂੰ ਕਿਹਾ, ਗੰਗਾ ਉੱਠੀਂ, ਲਾਜ ਉੱਠੀਂ, ਉਨ੍ਹਾਂ ਨੇ ਸਭ ਕਪੜੇ ਬਣਾ ਦਿੱਤੇ, ਬਸਤਾ ਪੂਰਾ ਕਰ ਦਿੱਤਾ। ਗਈ ਗਵਾਚੀ ਚੀਜ਼ਾਂ ਬਾਹਰੋਂ ਮੰਗਾ ਵਿਚਾਰੀਆਂ ਵੀਰ ਨੂੰ ਤੋਰਿਆ ਤੇ ਹੁਣ ਇਹ ਪਤਾ ਨਹੀਂ ਕਿ ਇਨਸਪੈਕਟਰ ਸਾਹਿਬ ਪੁੱਛਿਆ ਕੀ?