ਸੋ ਬੜਿਆਂ ਬੜਿਆਂ ਜਾਲਾਂ ਵਿੱਚ ਫਸਿਆਂ ਨੂੰ ਮੈਨੂੰ, ਤੇ ਉਸ ਸੁੰਦਰੀ ਨੂੰ ਰੱਬ ਨੇ ਕੱਢਿਆ, ਪਰ ਜਦ ਜਰਾ ਸੁਰਤਿ ਆਈ, ਕੋਈ ਨਾ ਕੋਈ ਸੰਕਲਪ ਸੁਹਣਾ ਰਾਮ ਬਣ ਵਿੱਚ ਆਏ "ਸੁਨਹਿਰੀ ਹਿਰਨ" ਵਾਂਗ ਆਪ ਨੇ ਆ ਖੜਾ ਕੀਤਾ, ਮੁੜ ਉਹੋ ਹੀ ਗੱਲ, ਉਹੋ ਹੀ ਆਪਦੇ ਚੁਹਲ, ਚੱਲੋ ਭਾਈ ਇਸ ਹਿਰਨ ਨੂੰ ਮਾਰੋ, ਹਜ਼ਾਰਾਂ ਦਲੀਲਾਂ ਆਪ ਨੇ ਸਾਹਮਣੇ ਲਿਆ ਖੜੀਆਂ ਕੀਤੀਆਂ। ਐਸੇ ਦਲਾਂ ਦੇ ਦਲ ਆਏ ਕਿ ਮੁੜ ਕੋਈ ਪੇਸ਼ ਨਾ ਗਈ, ਧਨੁਖ ਤੇ ਤੀਰ ਲੈ ਮੁੜ ਚੱਲੇ ਅਸੀ, ਹਰਨ ਗਿਆ ਅੱਗੇ ਅੱਗੇ, ਤੇ ਅਸੀ ਖਵਾਰ ਹੋਏ ਡੰਗਰਾਂ, ਬੇਲਿਆਂ ਤੇ ਜੂਹਾਂ ਵਿੱਚ, ਹਾਰ ਕੇ ਝਖ ਮਾਰ ਕੇ ਥਕ ਕੇ ਟੁੱਟਕੇ ਸ਼ਾਮਾਂ ਨੂੰ ਘਰ ਆਏ, ਆਪ ਉਸ ਵਕਤ ਫਿਰ ਛਾਈ ਮਾਈ। ਮੁੜ ਸਾਡਾ ਇਕ ਇਕੱਲਾ ਰੱਬ ਮੁੜ ਉਹ ਰੂਹ ਦੀ ਅਰਾਧਨਾ, ਓਏ "ਹਉ ਸੰਮਲਿ ਥਕੀ ਜੀ ਉਹ ਕਦੇ ਨ ਬੋਲੇ ਕਉਰਾ।" ਰੱਬ ਜੀ ਨੂੰ ਜਦ ਅਰਾਧਿਆ ਉਹੋ ਠੰਡ, ਉਹੋ ਮਿਠਾਸ, ਉਹੋ ਦਯਾ, ਉਹੋ ਨਰਮੀ, ਉਹੋ ਪਰਉਪਕਾਰ, ਉਹੋ ਤਰਸ, ਉਹ ਜੀਵਨ ਦੀ ਕਣੀ ਦਾ ਮੁੜ ਮੁੜ ਦਾਨ ਅਤੇ ਜਦ ਪ੍ਰਭਾਤ ਦਿਲ ਦੇ ਕਲਸ ਉੱਤੇ ਆਈ, ਸਾਡੇ ਅੰਦਰ ਦੇ ਮੰਦਰ ਦੇ ਕਲਸ ਉਸ ਪ੍ਰਭਜੋਤ ਦਿਵਯ ਸੋਨੇ ਨਾਲ ਚਮਕੇ, ਆਪ ਪੂਜਾ ਦੀ ਘੜੀ ਵੀ ਨਾਲ ਆਨ ਖੜੇ ਹੋ, ਨਿਤ ਨਵਾਂ ਸੰਕਲਪ ਰਚ ਕੇ ਸਾਹਮਣੇ ਕੀਤਾ। ਹੁਣ ਕੀ? "ਬੁਰਾ ਸਾਡਾ ਹਾਲ, ਬਣਾਇਆ ਇਨ੍ਹਾਂ ਬਿਦੇਸੀਆਂ।" ਉਮਰਾ ਦਾ ਸੂਰਜ ਢਲ ਗਿਆ ਪਰ ਆਪ ਦੀ ਇਹ ਸੰਕਲਪ ਮਾਯਾ ਨਾ ਮੁੱਕੀ ਪਰ ਨਾ ਮੁੱਕੀ ਅਜ ਇਹ, ਕਲ ਓਹ, ਕਦੀ ਹਿਮਾਲਾ ਨੂੰ ਚੀਰੋ, ਗੰਗਾ ਲਿਆਵੋ, ਹੁਣ ਇਹਨੂੰ ਸੁਕਾਵੋ, ਹੁਣ ਮੀਂਹ ਦੀ ਲੋੜ ਹੈ, ਨਹੀਂ ਹੁਣ ਧੁਪ ਦੀ ਲੋੜ ਹੈ। ਅਜ ਕੱਪੜਾ ਤੇ ਕਲ ਗਹਿਣਾ ਅਜ ਮਕਾਨ ਤੇ ਕਲ ਮੰਦਰ, ਆਖਿਰ ਜਿਵੇਂ ਭਰਥਰੀ ਜੀ ਨੇ ਲਖਿਆ, ਓ ਮਨਾ ਮੇਰਿਆ ਸਾਡਾ ਕੀ ਬਣਾਇਆ ਈ:-
ਤਪ ਨ ਤਪੇ ਅਸਾਂ ਨੇ, ਤਪਾਂ ਸਾਨੂੰ ਤਪ ਲਿਆ ਈ॥
ਭੋਗ ਨ ਭੋਗੇ ਅਸਾਂ ਨੇ, ਭੋਗਾਂ ਨੇ ਭੋਗ ਲਿਆ ਈ॥
ਇੱਛਾ ਨ ਪੂਰੀਆਂ ਸਾਥੀਂ, ਇਛਾਵਾਂ ਨੇ ਪੂਰ ਲਿਆ ਈ ॥
ਹੁਣ ਕੇਸ ਧੌਲੇ ਹੋ ਗਏ ਹਨ, ਸ਼ਰੀਰ ਝੁਰਲ ਖਾ ਚੁੱਕਾ ਹੈ, ਪਰ ਆਪ ਉਪਸਥਿਤ ਹੋ,
ਉਹ ਸੁੰਦਰੀ ਜਿਹੜੀ ਸਾਡੇ ਨਾਲ ਚੰਗੀ ਨਿਭੀ, ਸਾਡੇ ਸੁਭਾਉ ਦੀ ਤੱਤ ਠੰਡ ਊਚ ਨੀਚ ਸਭ ਕੁਛ ਸਿਹਾ। ਆਪਣੀ ਜਿੰਦ ਜਾਨ ਅਸਾਥੀਂ ਵਾਰੀ, ਘੋਲ ਘੁਮਾਈ, ਜਦ ਕਦੀ ਬੀਮਾਰ ਹੋਏ ਸਾਰੀਆਂ ਰਾਤਾਂ ਜਾਗੀ, ਸਾਡੀ ਸੇਵਾ ਲਈ ਤਪ ਸਾਧੇ, ਜੋਗ ਕਮਾਏ, ਆਪਣਾ ਸਾਰਾ ਜੀਵਨ ਸਾਡੀ ਖਾਤਰ ਹਲਾਲ ਕਰ ਦਿੱਤਾ। ਉਹ ਤਾਂ ਉਹ ਜੰਗਲ ਵਿੱਚ ਸਿੰਨੀਆਂ ਲੱਕੜਾਂ ਚੁਣ ਰਹੀ ਹੈ, ਕਿ ਰਾਤ ਦੀ ਰੋਟੀ ਪੱਕੇ ਤੇ ਆਪ ਸਾਨੂੰ ਮੁੜ ਕਿਸੀ ਨਵੇਂ ਪਿੱਪਲ ਹੇਠ ਇਕ ਹੋਰ ਖੜੀ ਦੱਸ ਰਹੇ ਹੋ, ਠੀਕ! ਆਪ ਸੁਫਨੇ ਜਿਹੇ ਵਿੱਚ ਮਰਦੀ ਵੇਰ ਸਾਨੂੰ ਚੇਤੇ ਕਰਾ ਰਹੇ ਹੋ ਕਿ ਓਹ ਓਹ ਸੀ ਤੇ ਉਸ ਵਲ "ਮੁੜ ਮੁੜ ਤਕੇ" ਓਹ ਪਰੇ ਖੜਾ ਇਕ ਗੱਭਰੂ ਇਹ ਅਸੀ ਸਾਂ, ਤੇ ਆਪ ਦੀ ਅਗਵਾਨੀ ਤੇ ਸਲਾਹ ਮਸ਼ਵਰੇ ਵਿੱਚ ਦੇਖੋ ਅਸੀ ਕਿਸ ਮੂੰਹ ਨਾਲ ਆਪਣੇ ਰੱਬ ਦੀ ਦਰਗਾਹ ਜਾ ਰਹੇ ਹਾਂ। ਆਪ ਜੇਕਰ ਨਾ ਕੁਛ ਇਹੋ ਜਿਹਾ ਸਬਕ ਦਿੰਦੇ ਤਦ ਤਾਂ ਪਤਾ ਲੱਗਦਾ ਕਿ ਆਪ ਬੀ ਬੁੱਢੇ ਹੋ ਚੁਕੇ ਹੋ ਤੇ ਕੁਛ ਹਮਦਰਦੀ ਉਨਾਂ ਨਾਲ ਆਈ, ਜਿਨਾਂ ਨੂੰ ਆਪਨੇ ਇੰਨਾਂ ਬੇ-ਰਹਿਮੀ ਨਾਲ ਕੋਹਿਆ ਹੈ, ਪਰ ਨਹੀਂ ਆਪ ਹਾਲੇ ਵੀ ਕੁਛ ਮੁਸਕਰਾ ਰਹੇ ਹੋ ਅਰ ਆਪ ਲੱਛਣਾਂ ਬ੍ਰਿਤੀ ਨਾਲ ਇਸ਼ਾਰਾ ਕੰਨੀ ਪਾ ਰਹੇ ਹੋ ਕਿ ਕਾਸ਼ ਉਹ ਅਬਲਾ ਸਾਨੂੰ ਪਿਆਰ ਕਰੇ,