

ਤੀਵੀਂ ਖਾਵੰਦ ਦੀ ਮਿਤ੍ਰਤਾ ਪਹਿਲਾਂ ਕੱਚੀ ਹੁੰਦੀ ਹੈ ਤੇ ਫਲ ਵਾਂਗੂ ਤਾਂ ਹੀ ਪੱਕਦੀ ਹੈ ਜਦ ਤੀਵੀਂ ਮਾਂ ਹੋ ਜਾਂਦੀ ਹੈ। ਜਦ ਤੀਵੀ ਮਾਂ ਹੋ ਜਾਂਦੀ ਹੈ ਤਦ ਹਰ ਤਰਾਂ ਦਿਵਯ ਮੂਰਤੀ ਹੋ ਜਾਂਦੀ ਹੈ, ਪੂਜਨੀਯ ਹੋ ਜਾਂਦੀ ਹੈ ॥
ਆਕਰਸ਼ਣ ਤੀਵੀਂ ਖਾਵੰਦ ਦਾ ਓਹੋ ਹੀ ਹੈ, ਜੋ ਚੰਨ ਦੀ ਰਸ਼ਮੀ ਤੇ ਕੁਮਦਨੀ ਦਾ ਹੈ । ਜੇ ਕੰਵਲ ਫੁੱਲ ਤੇ ਭੌਰੇ ਦਾ ਹੈ, ਪਰ ਆਤਮ ਰਾਮ ਅੰਦਰ ਬੈਠਾ ਕੁਛ ਬੇਖਬਰ ਜਿਹਾ ਰਹਿੰਦਾ ਹੈ, ਜਦ ਤਕ ਅਨੰਤ ਵਿੱਚ ਗੜੂੰਦ ਨਾ ਹੋ ਜਾਏ । ਸੋ ਤੀਵੀਂ ਖਾਵੰਦ ਦੀ ਮਿਤ੍ਰਤਾ ਆਮਤੌਰ ਤੇ ਇੰਨੀ ਅਨੰਤ ਵਲ ਮੂੰਹ ਕੀਤੀ ਨਹੀਂ ਹੁੰਦੀ, ਜਿੰਨੀ ਕਿ ਇਕ ਪੁਤ ਦੀ ਮਿਤ੍ਰਤਾ ਮਾਂ ਵਲ ਅਨੰਤ ਦਾ ਮੂੰਹ ਕੀਤੀ ਹੁੰਦੀ ਹੈ, ਤੇ ਜੇਹੜੀ ਜੋੜੀਆਂ ਦੇ ਪਿਆਰ (ਜਗ ਵਿੱਚ ਕਿਹਾ ਜਾਂਦਾ ਹੈ ਜੋੜੀਆਂ ਥੋੜੀਆਂ, ਜੁੱਟ ਬਹੁਤੇਰੇ) ਅਮਰ ਹੋ ਜਾਂਦੇ ਹਨ । ਉਸ ਮਿਤ੍ਰਤਾ ਦੀ ਜੜ੍ਹਾਂ ਗੁਣ ਔਗੁਣਾਂ ਦੇ ਉਪਰਲੀ ਧਰਤੀ ਵਿੱਚ ਤੇ ਰੂਪ ਸੁਹਣੱਪਾਂ ਤੇ ਕੋਹਝਾਂ ਆਦਿ ਦੇ ਗਮਲਿਆਂ ਦੀ ਮਿੱਟੀ ਵਿੱਚ ਨਹੀਂ ਰਹਿੰਦੀਆਂ, ਓਹ ਕਿਸੀ ਅਗੰਮ ਅਨੰਤ ਦੇ ਪਾਤਾਲ ਤੇ ਅਕਾਸ਼ ਅਰਸ਼ਾਂ ਵਿੱਚ ਜਾ ਆਪਣੀ ਖੁਰਾਕ ਟੋਲਦੀਆਂ ਹਨ ॥ ਸੋ ਕੋਈ ਮਿਤ੍ਰਤਾ ਚਿਰਸਥਾਈ ਨਹੀ ਹੋ ਸੱਕਦੀ, ਜਿਥੇ ਪਹਿਲਾਂ ਤਾਂ ਮੂੰਹ ਚਿੰਨ੍ਹ ਰੂਪ ਦੀਆਂ ਹੱਦਾਂ ਥੀਂ ਪਰੇ ਪਾਰ ਕਿਸੀ ਅਨੰਤ ਸੁਹਜ ਤੇ ਅਨੰਤ ਸੁਹਣੱਪ ਵਲ ਨਾ ਤੱਕਦਾ ਹੋਵੇ॥
ਸੂਰਜ ਵਿੱਚ ਖਲੋ ਕੇ ਸੁਹਣੇ ਤੇ ਕੋਝੇ ਮੁਖਾਂ ਨੂੰ ਚਿਤ੍ਰ ਰੂਪ ਵੇਖਣ ਵਾਲੇ ਲਈ ਸਭ ਨੂਰ ਦੇ ਬਣੇ ਬੰਦੇ ਸੋਹਣੇ ਹਨ । ਜਿਹੜੀ ਅੱਖ ਮਾਸ ਦੇ ਬੁੱਤਾਂ ਦੇ ਧੁੱਪ ਛਾਂ ਵਲ ਦੀ ਸੁਹਣੱਪ ਤੇ ਕੋਝ ਨੂੰ ਗਿਣ ਗਿਣ ਤੇ ਮਿਣ ਮਿਣ ਕਰ ਕੇ ਆਪਣੀ ਮਿਤ੍ਰਤਾ ਦਾ ਧਾਗਾ ਤੇ ਸਿੱਕੇ ਦਾ ਲਾਟੂ ਸੁਟ ਰਹੀ ਹੈ, ਉਹ ਕਦੀ ਮਿਤਤ੍ਰਾ ਦੇ ਭਾਵ ਨੂੰ ਅਨੁਭਵ ਨਹੀਂ ਕਰ ਸੱਕਦੀ ॥
ਮਿਤ੍ਰ ਦੀ ਅੱਖ ਜਾਹਰੀ ਅੱਖਾਂ ਨਾਲ ਦਿਸਦੀ ਯਾ ਮਨ ਉੱਪਰ ਪਏ ਧੁੱਪ ਛਾਂ ਦੀਆਂ ਪ੍ਰਤੀਤਾਂ ਤੇ ਯਕੀਨਾਂ ਦੀ ਬਣੀ ਇਉਂ ਆਖੀ "ਅਸਲੀਅਤ" ਨੂੰ ਨਹੀਂ ਦੇਖਦੀ । ਉਸ ਵਿੱਚ ਇਕ ਪਾਰਦਰਸ਼ੀ ਸ਼ਕਤੀ ਹੁੰਦੀ ਹੈ, ਜਿਹੜੀ ਇਨ੍ਹਾਂ ਪਰਦਿਆਂ ਤੇ ਕੱਪੜਿਆਂ ਥੀਂ ਪਾਰ ਪਰੇ ਕਿਸੀ ਆਦਰਸ਼ ਦਿਵਯਤਾ ਦੇ ਰੂਪ ਨੂੰ ਵੇਖਦੀ ਹੈ ਤੇ ਓਹਨੂੰ "ਉਸ ਜਿਹਾ ਹੋਰ ਨਾ ਕੋਈ ਮਿਤ੍ਰ" ਲਗਦਾ ਹੈ, ਤੇ ਉਥੇ ਕਰਮਾਂ ਦੀ ਕਾਲਖ ਉਹਨੂੰ ਉਸ ਰੂਪ ਵਿੱਚ ਨਹੀਂ ਦਿੱਸਦੀ, ਉਹਨੂੰ ਕਰੂਪਤਾ ਕੀ ਮਾਨਸਕ ਤੇ ਕੀ ਸ਼ਰੀਰਕ ਨਹੀਂ ਦਿੱਸਦੀ। ਰੱਬ ਰਚਿਤ ਰੂਹ ਸਦਾ ਸੋਹਣਾ ਹੈ ॥
ਲੈਲੀ ਨੂੰ ਕਿਹਾ ਜਾਂਦਾ ਹੈ, ਮਜਨੂੰ ਦੀ ਅੱਖ ਨਾਲ ਵੇਖੋ । ਜਿੱਥੇ ਨਜਰ ਅਨੰਤ ਥੀਂ ਵਿਛੋੜ ਕੇ ਚੀਜਾਂ ਯਾ ਬੰਦਿਆਂ ਦੇ ਹੱਦ ਬਝੀਆਂ ਸ਼ਕਲਾਂ ਯਾ ਮਨਾਂ ਨੂੰ ਵੇਖਦੀ ਹੈ, ਉਥੇ ਮਿਤ੍ਰਤਾ ਇਕ ਉਕਸਾਵਟ ਹੈ, ਜਿਹੜੀ ਉਕਸਾਕੇ ਫਿਰ ਚੁੱਪ ਹੋ ਜਾਂਦੀ ਹੈ, ਰੂਹ ਕਿਸੀ ਹੋਰ ਅਗਾਂਹ ਦੀ ਅਗਮਤਾ ਨੂੰ ਟੋਲਦਾ ਹੈ।