Back ArrowLogo
Info
Profile
ਤੇ ਜੋ ਜਵਾਬ ਨਹੀਂ ਦਿੰਦਾ, ਮਾਰਿਆ ਜਾਂਦਾ ਹੈ। ਜਦ ਅਕਲ ਇਨ੍ਹਾਂ ਸਵਾਲਾਂ ਦਾ ਜਵਾਬ ਦੇ ਨਹੀਂ ਸੱਕਦੀ ਤਦ ਓਹ ਵੇਖ ਵੇਖ ਹੈਰਾਨ ਹੁੰਦੀ ਜਾਂਦੀ ਹੈ, ਤੇ ਡੂੰਘੇ ਉਤਰਦੀ ਜਾਂਦੀ ਹੈ ਤੇ ਵਾਹ ਵਾਹ ਕਰਦੀ ਹੈ, ਜੇ ਰੱਬ ਦੀ ਸੁਗੰਧਿਤ ਸੋ ਕਿਧਰੋਂ ਮਿਲ ਜਾਵੇ ਆਵੇਸ਼ ਹੁੰਦਾ ਹੈ, ਕੀਰਤ ਤੇ ਸਿਫਤ ਸਲਾਹ ਵਿੱਚ ਆਉਂਦੀ ਹੈ, ਕੋਈ ਸੋਹਣੀ ਚੀਜ ਇਸ ਲਾ-ਜਵਾਬ ਕਰਾਮਾਤ ਜਿਹੀ ਕੁਦਰਤ ਵਿੱਚ ਓਹਨੂੰ ਖਿੱਚਦੀ ਹੈ, ਤੇ ਓਹ ਖਿੱਚੀ ਸੁਰਤਿ ਪਿਆਰ ਦਰਦਾਂ ਵਿੱਚ ਸੋਹਣੀ ਹੁੰਦੀ ਜਾਂਦੀ ਹੈ ਤੇ ਕਹਿੰਦੀ ਹੈ-"ਸਭ ਕੁਛ ਚੰਗਾ" "ਜੋ ਹੈ ਸੋ ਵਾਹ ਵਾਹ" ਬ੍ਰੋਨਿੰਗ ਕਿਧਰੇ ਇਸ਼ਾਰਾ ਕਰਦਾ ਹੈ। "ਵਾਹ ਵਾਹ! ਰੱਬ ਅਸਮਾਨਾਂ ਵਿੱਚ ਵਾਹ ਵਾਹ! ਤੂੰ ਤਾਂ ਹਿਠਾਹਾਂ ਖੇਡਦਾ, ਸਭ ਵਲ ਤੇ ਚੰਗੇ ਹਨ"॥

ਇਹ ਕੀਰਤ ਕਰਨੀ, ਇੰਵ ਸਿਫਤ ਸਲਾਹ ਕਰਨੀ, ਜਿੰਦਗੀ ਦਾ ਉੱਚਾ ਵਿਸਮਾਦ ਰਾਗ ਹੈ।

ਕੇਂਟ ਫਿਲਾਸਫਰ ਲਿਖਦਾ ਹੈ ਕਿ "ਓਹ ਅਸਗਾਹ ਨੀਲਾ ਗਗਨ ਤਾਰਿਆਂ ਭਰਿਆ ਤੇ ਇਹ ਮੇਰੇ ਆਪਣੇ ਅੰਦਰ ਸੋਝ ਤੇ ਕੋਝ ਬੁਰੇ ਤੇ ਭਲੇ ਦੀ ਖਬਰ-ਉਹ ਰੱਬਤਾ ਕੁਦਰਤ ਦੀ ਤੇ ਇਹ ਮੇਰੇ ਅੰਦਰ ਉੱਚਾ ਰੂਹਾਨੀ ਰਾਜ-ਮੈਨੂੰ ਹੈਰਾਨ ਕਰਦੇ ਹਨ"॥

ਸ਼ਾਹ ਹੁਸੈਨ ਕਹਿੰਦਾ ਹੈ, "ਹੀਆ ਨਾ ਠਾਹੀਂ ਕਹੀਂਦਾ" ਤੇ ਇਕ ਹੋਰ ਇਹੋ ਜਿਹਾ "ਮਿੱਠਾ ਬੋਲੀਂ ਜੱਗ" ਤੇ ਗੁਰੂ ਨਾਨਕ ਸਾਹਿਬ ਜੀ ਲਿਖਦੇ ਹਨ:-

ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ॥

ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ॥

ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕਾ ਪਾਇ॥

ਫਿਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ॥੧॥

ਬੱਸ ਫਿੱਕਾ ਬੋਲਣਾ ਓਹ ਨੁਕਤਾਚੀਨੀ ਹੈ, ਜਿਹੜੀ ਵੱਡੀਆਂ ਚੀਜ਼ਾਂ ਨੂੰ ਨਿੱਕਾ ਕਰਕੇ ਦੱਸਦੀ ਹੈ। ਹਰ ਇਹ ਚੀਜ ਵਲ ਕੀ ਪੱਥਰ, ਕੀ ਦਰਿਯਾ, ਕੀ ਚੰਨ ਤੇ ਸੂਰਜ, ਮਨੁੱਖ, ਹੈਵਾਨ ਵਲ ਇਕ ਅਦਬ ਜਿਹੜਾ ਹੁੰਦਾ ਹੈ ਤੇ ਹੋਣ ਕਰਕੇ ਸਾਡੇ ਜੀਵਨ ਨੂੰ ਆਪ-ਮੁਹਾਰਾ ਡੂੰਘਾ ਕਰਦਾ ਹੈ, ਓਹ ਫਿੱਕੀ ਨੁਕਤਾਚੀਨੀ ਨਾਲ ਗੁੰਮ ਜਾਂਦਾ ਹੈ।

ਪਿਆਰ ਦਾ ਕਤਰਾ ਨੈਨਾਂ ਵਿੱਚੋਂ ਸੁੱਕ ਜਾਂਦਾ ਹੈ, ਦਿਲ ਦੀ ਸਾਦਾ ਹਮਦਰਦੀ ਇਕ ਕਰਖ਼ਤ ਕਠੋਰਪਨ ਵਿੱਚ ਬਦਲ ਜਾਂਦੀ ਹੈ। ਆਦਮੀ ਫਿੱਕੇ ਬੋਲ ਤੇ ਫਿੱਕੇ ਵਿਚਾਰ ਤੇ ਫਿੱਕੀ ਨੁਕਤਾਚੀਨੀ ਨਾਲ ਆਪ ਮਰ ਜਾਂਦਾ ਹੈ॥

73 / 100
Previous
Next