Back ArrowLogo
Info
Profile
ਕਦੇ ਸੰਗਮਰਮਰ, ਕਦੇ ਗੱਤੇ ਕਾਗਤ, ਰੰਗ ਕਦੇ ਅੱਖਰ, ਵਾਕ ਭਾਵ ਵਿੱਚੋਂ ਪਈ ਦਰਸ਼ਨ ਦੇਂਦੀ ਹੈ, ਕਦੇ ਸੁੰਦਰੀਆਂ ਦੇ ਨੈਣਾਂ ਵਿੱਚੋਂ ਪਲਕਾਰੇ ਮਾਰਦੀ ਹੈ, ਕਦੇ ਸੋਹਣਿਆਂ ਮੁਛੈਹਾਰਿਆਂ ਤੇ ਬਾਂਕੀਆਂ ਨੁਹਾਰਾਂ ਵਿੱਚੋਂ ਫੁਟ ਫੁਟ ਨਿਕਲਦੀ ਹੈ । ਸੁੰਦ੍ਰਤਾ ! ਤੂੰ ਸਥੂਲ ਸ਼ੈ ਨਹੀਂ, ਪਰ ਸਥੂਲ ਟਿਕਾਣਿਆਂ ਤੇ ਜਲਵੇ ਮਾਰਦੀ ਹੈਂ, ਤੂੰ ਦੇਵੀ ਹੈਂ ਕਿ ਦੇਵ ਹੈਂ, ਤੂੰ ਆਪ ਹੈਂ ਕਿ ਆਪੇ ਦਾ ਪ੍ਰਕਾਸ਼ ਹੈਂ ? ਦੇਖ । ਇਕ ਸਿਆਣਾ ਪਿਆ ਆਖਦਾ ਹੈ ਕਿ ਜੋ ਸ਼ੈ ਲਾਭਦਾਇਕ ਹੈ ਉਹੀ ਸੁੰਦਰ ਹੈ। ਪਰ ਤੇਰੇ ਰਸੀਏ ਜਾਣਦੇ ਹਨ ਕਿ ਨਹੀਂ ਤੂੰ ਕੋਈ ਅਰਸ਼ਾਂ ਦੀ ਵੱਖਰੀ ਹੀ ਮਹਾਰਾਣੀ ਹੈਂ । ਜਿਸ ਮਨ ਵਿੱਚ ਗਰਜ਼ ਹੈ, ਜਿਸ ਵਿੱਚ ਲੋੜ ਹੈ ਉਸਨੂੰ 'ਲਾਭਦਾਇਕ ਸੁੰਦਰ’ ਹੋਊ, ਜਿਨ੍ਹਾਂ ਨੂੰ ਲੋੜ ਨਹੀਂ, ਚਾਹ ਨਹੀਂ, ਓਹ ਅਸਲ ਤੇਰੇ ਸਰੂਪ ਦੇ ਜਾਣੂ ਹਨ । ਤੂੰ ਤਾਂ ਆਪਣੇ, ਆਪਣੇ ਆਪ ਵਿੱਚ ਮੁਕੰਮਲ ਦੇਵੀ ਹੈਂ। ਤੇਰੇ ਟਿਕਾਣੇ ਫਕੀਰਾਂ, ਕਵੀਸ਼ਰਾਂ, ਗਵੱਯਾਂ, ਚਿੱਤ੍ਰਕਾਰਾਂ ਤੇ ਸੰਗਤ੍ਰਾਸ਼ਾਂ ਦੇ ਅੰਦਰ ਹਨ । ਤੂੰ ਆਪਣੇ ਝਲਕਾਰੇ ਨਾਲ ਇਕਵੇਰ ਤਾਂ ਪਾਰਲੋਕਕ ਰਸ ਦਾ ਝੂਟਾ ਦੇ ਜਾਂਦੀ ਹੈਂ। ਤੇਰਾ ਲਸ਼ਕਾਰਾ ਵੱਜਦਿਆਂ ਚਿੱਤ ਆਪਣੇ ਵਿੱਚ ਕੱਠਾ ਹੋਕੇ ਆਪ ਦੇ ਰਸ ਵਿੱਚ ਟੁੱਬੀ ਲਾ ਲੈਂਦਾ ਹੈ। ਤੂੰ ਵਹਮ ਦੀ ਸ਼ੈ ਨਹੀਂ, ਤੂੰ ਖਯਾਲ ਤੇ ਭਰਮ ਦੀ ਬਨਾਵਟ ਨਹੀਂ, ਤੂੰ ਪਾਰਲੇ ਦੇਸ ਦਾ ਫਰਿਸ਼ਤਾ ਹੈਂ। ਇਸ ਸੰਸਾਰ ਤੋਂ ਅੱਗੇ ਜਿਨ੍ਹਾਂ ਨੂੰ ਕੁਝ ਨਹੀਂ ਦਿਸਦਾ ਤੂੰ ਉਨ੍ਹਾਂ ਨੂੰ ਦਸਦੀ ਹੈਂ ਕਿ ਆਹ ਤੱਕੋ ਅੱਗੇ ਦਾ ਦਰਸ਼ਨ । ਲੋਕੀ ਸਮਝਦੇ ਹਨ ਕਿ ਸੁੰਦ੍ਰਤਾ ਜਿਨ੍ਹਾਂ ਪਦਾਰਥਾਂ ਯਾ ਸਥੂਲ ਸਮਾਨਾਂ ਤੋਂ ਝਲਕੇ ਮਾਰਦੀ ਹੈ, ਇਹ ਉਨ੍ਹਾਂ ਦਾ ਕੋਈ ਗੁਣ ਯਾ ਖਾਸੀਅਤ ਹੈ, ਕੋਈ ਸਮਝਦੇ ਹਨ ਕਿ ਕ੍ਰਮ ਵਾਰ ਇਕੱਤ੍ਰਤਾ ਤੋਂ ਸੁੰਦਰਤਾ ਪੈਦਾ ਹੁੰਦੀ ਹੈ, ਬਾਜ਼ੇ ਸਮਝਦੇ ਹਨ ਕਿ ਸੁੰਦਰਤਾ ਕੇਵਲ ਆਪਣਾ ਭਾਵ ਮਾਤ ਹੈ । ਸੁੰਦ੍ਰਤਾ ਸਭ ਕੁਛ ਹੁੰਦੀ ਹੋਈ ਇਨ੍ਹਾਂ ਦੀ ਮੁਥਾਜ ਨਹੀਂ, ਤੇ ਜੋ ਬੀ ਸੁੰਦ੍ਰਤਾ ਦੇ ਲਛਣ ਕਹੋ ਅਜੇ ਕੁਝ ਬਾਕੀ ਰਹ ਜਾਂਦਾ ਹੈ। ਸੁੰਦ੍ਰਤਾ ਪਦਾਰਥਾਂ ਰੂਪ ਵਾਲੇ ਸਮਾਨਾਂ ਯਾ ਸਥੂਲ ਆਸਰਿਆਂ ਤੇ ਖੇਡਦੀ ਦਿਸਦੀ ਹੈ, ਪਰ ਹੈ ਏਹ ਕਿਸੇ ਹੋਰ ਦੇਸ ਦੀ ਦੇਵੀ । ਇਸ ਦਾ ਅਸਰ ਜਦ ਵੱਜਦਾ ਹੈ ਤਦ ਰਸ ਪੈਂਦਾ ਹੈ, ਉਹ ਰਸ ਚਿਤ ਨੂੰ ਸੋਚਾਂ ਦੇ ਮੰਡਲ ਤੋਂ ਕਢ ਲੈਂਦਾ ਹੈ । ਇਕ ਵੇਰ ਤਾਂ ਰਸ ਵਿੱਚ ਲੀਨਤਾ ਐਸੀ ਕਰਦਾ ਹੈ ਕਿ ਸੋਚ, ਵਿਚਾਰ, ਪ੍ਰਤੀਤੀ, ਖ੍ਯਾਲ ਸਭ ਗੁੰਮ ਹੋ ਜਾਂਦੇ ਹਨ, ਸਮਾਧੀ ਹੋ ਜਾਂਦੀ ਹੈ। ਭਾਵੇਂ ਬਿਜਲੀ ਦੇ ਲਸ਼ਕਾਰੇ ਵਾਂਗੂੰ ਇਹ ਛਿਨ ਦਾ ਭੀ ਹਜਾਰਵਾਂ ਹਿੱਸਾ ਠਹਰੇ, ਪਰ ਅਸਰ ਇਹੋ ਪਾਂਦੀ ਹੈ । ਹਾਂ ਜੀ, ਸੁੰਦ੍ਰਤਾ ਦਾ ਝਲਕਾ, ਇਕ ਚਸੇ ਵਿੱਚ ‘ਰਸ ਮੰਡਲ' ਦਾ ਹੁਲਾਰਾ ਦੇ ਜਾਂਦਾ ਹੈ।

ਉਹ ਹੁਲਾਰਾ ਚਿੱਤ ਨੂੰ ਸਾਰੇ ਦਿੱਸਣ ਵਾਲੇ ਨਜ਼ਾਰੇ ਤੋਂ ਤੋੜਕੇ ਆਪਣੇ ਸਰੂਪ ਵਿੱਚ ਦੇਖਣ ਹਾਰ ਨੂੰ ਦੇਖਣ ਹਾਰ ਵਿੱਚ-ਜੋੜ ਜਾਂਦਾ ਹੈ। ਓਹ-ਅੱਖ ਫਰਕਨ ਜਿੰਨੇ ਚਿਰ ਵਿੱਚ-ਉਸ ਰਸ ਦਾ ਝਲਕਾ ਮਾਰ ਜਾਂਦਾ ਹੈ, ਜੋ ਅੱਖਾਂ, ਨੱਕ, ਜੀਭ ਤੇ ਸਰੀਰ ਦੇ ਰਸ ਤੋਂ ਵੱਖਰਾਂ ਛੇਵਾਂ ਰਸ ਹੈ ਜੋ ਅੰਦਰਲੇ ਦੇਖਣ ਹਾਰ ਦੇ ਦੀਸਣ ਹਾਰ ਤੋਂ ਛੁਟਿਆਂ ਆਪੇ ਵਿੱਚ ਆਯਾਂ ਖੁਲ੍ਹਦਾ ਹੈ ਤੇ ਦਸਦਾ ਹੈ ਕਿ ਦੇਖ :

"ਜੇਤੇ ਘਟ ਅੰਮ੍ਰਿਤ ਸਭ

ਹੀ ਮੈ ਭਾਵੈ ਤਿਸੈ ਪਿਆਈ”

ਘਰ ਦੇ ਅੰਦਰ ਬੈਠਿਆਂ ਬਜ਼ਾਰ ਵਿੱਚੋਂ ਸੁੰਦਰ ਧੁਨੀ ਵਾਜਿਆਂ ਤੁਤੀਆਂ ਦੀ ਆਉਂਦੀ ਹੈ, ਰਾਗ ਦੀ ਸੁੰਦ੍ਰਤਾ ਸਾਡੇ ਮਨ ਉੱਤੇ ਅਸਰ ਕਰਦੀ ਹੈ, ਮਨ ਆਪਣੇ ਵਿੱਚ ਕੱਠਾ ਹੋ ਜਾਂਦਾ ਹੈ, ਨੈਣ ਮੁੰਦ ਜਾਂਦੇ ਹਨ, ਰਸ ਆ ਜਾਂਦਾ ਹੈ। ਰਾਗ ਦੀ ਸੁੰਦ੍ਰਤਾ ਨੇ ਚਿੱਤ ਨੂੰ ਚਿੱਤ ਵਿੱਚ ਜੋੜ ਦਿੱਤਾ ਹੈ, ਬ੍ਰਿਤੀ ਚੜ੍ਹ ਗਈ ਹੈ।

80 / 100
Previous
Next