

ਰਾਣੀ ਕੁਲੂਵਾਲ -ਡਡਵਾਲਨੇ ! ਮੈਂ ਆਖਾਂ ਸੱਚੀ, ਮੇਰੇ ਗਲ ਨਾਂ ਅੜੀਏ ਪੈ ਜਾਈਂ, ਕਹਿੰਦੀ ਤਾਂ ਤੂੰ ਖਰੀਆਂ ਹੈ, ਪਰ ਯੋਗ ਨਹੀਂ । ਅਸਲ ਗੱਲ ਇਹ ਹੈ ਕਿ ਜਿੱਥੇ ਸਾਉਕਾ ਹੋਊ ਓਥੇ ਯਾ ਸਾੜਾ ਤੇਰੇ ਵਾਙੂ ਜਿੰਦ ਤਲੀ ਉੱਤੇ ਤੇ ਜੀਭ ਮੱਥੇ, ਦੁੱਖ ਜ ਹੈ ਤਾਂ ਸਾਉਕੇ ਦਾ । ਏਹਨਾਂ ਬਾਹਮਣਾਂ ਨੂੰ ਕੁਛ ਦੇਈਏ ਦਵਾਈਏ ਜੋ ਇਹ ਵੈਦ ਵਾਕ ਕੱਢ ਦੇਣ ਕਿ ਦੂਜਾ ਵਿਆਹ ਪਾਪ ਹੈ ਤਾਂ ਫਿਰ ਪਤੀ ਨਿਭ ਜਾਣ ਤੇ ਸਾਡੇ ਅੰਦਰੀਂ ਬੀ ਸਾੜੇ ਜਾਂ ਬੇਅਦਬੀ ਦੇ ਭਾਵ ਨਾਂ ਆਉਣ ।
ਰਾਣੀ ਡਡਵਾਲਨ-ਆਖੀ ਤਾਂ ਸੱਚੀ ਹੈ, ਤੇਰੇ ਕਹੇ ਨੂੰ ਸਿਰ ਮੱਥੇ ਤੇ ਰੱਖਣੀ ਹਾਂ, ਪਰ ਕਰ ਵੇਖ ਜੇ ਪੇਸ਼ ਚਲਦੀ ਊ ਤਾਂ । ਭੈਣੇਂ ! ਸਾਥੋਂ ਗ੍ਰੀਬ ਚੰਗੇ । ਚਾਰ ਆਨੇ ਲਿਆਕੇ ਰਾਤ ਨੂੰ ਵਹੁਟੀ ਗੱਭਰੂ ਪ੍ਯਾਰ ਨਾਲ ਤਾਂ ਵੰਡ ਖਾਂਦੇ ਹਨ ਨਾਂ, ਨਾਂ ਸਹੀ ਸੰਸਾਰ ਦੇ ਸੁਖ, ਪਰ ਆਪੋ ਵਿੱਚ ਮੋਹ ਤੇ ਇਤਬਾਰ ਦਾ ਸੁਖ ਸਿਰ ਸੁਖਾਂ ਦੇ ਸੁਖ ਹੈ । ਮੈਂ ਖਸਮ ਨੂੰ ਹੁਕਮ ਵਿੱਚ ਟੋਰਦੀ ਹਾਂ, ਸੁਖੀ ਹਾਂ, ਮੈਂ ਡਰਦੀ ਨਹੀਂ, ਮੂੰਹ ਤੇ ਸੁਣਾਂਦੀ ਹਾਂ, ਜੋ ਮੈਂ ਤੁਸਾਡੇ ਸਾਹਮਣੇ ਕਹੀਆਂ, ਓਹ ਉਹਦੇ ਮੂੰਹ ਤੇ ਆਖਦੀ ਹਾਂ, ਪਰ ਫੇਰ ਮੈਂ ਦੁਹਾਈ ਦੇਕੇ ਆਖਦੀ ਹਾਂ ਕਿ ਜੇ ਮੈਂ ਮਜੂਰ ਦੀ ਵਹੁਟੀ ਹੁੰਦੀ, ਇੱਕ ਡੰਗ ਲੱਭਦਾ, ਇੱਕ ਨ ਲੱਭਦਾ, ਆਪ ਭਰਦੀ, ਆਪ ਪੀਂਹਦੀ, ਆਪ ਪਕੌਂਦੀ, ਥੱਕੇ ਪਤੀ ਦੇ ਅੱਗੇ ਧਰਦੀ, ਉਹ ਖਾਂਦਾ ਤੇ ਸੱਜਰੇ ਪਾਣੀ ਦਾ ਘੁੱਟ ਪੀਕੇ ਮੇਰੇ ਵਲ ਪ੍ਯਾਰ ਨਾਲ ਤੱਕਦਾ, ਤਾਂ ਮੈਂ ਜੀਉ ਜੀਉ ਪੈਂਦੀ । ਉਹ ਸੱਚੇ ਪ੍ਯਾਰ ਦੀ ਚਿਤਵਨ ਉਹ ਅੰਦਰਲੇ ਨੇਹੁੰ ਦੀ ਦ੍ਰਿਸ਼ਟ, ਜਗਤ ਓਸ ਤੋਂ ਵਾਰ ਸੁੱਟਾਂ । ਓਸ। ਇੱਕ ਨਜ਼ਰ ਉਤੋਂ ਸਾਰੀ ਸਦਕੇ ਹੋ ਜਾਵਾਂ । ਮੇਰਾ ਦਿਲ, ਮੇਰੇ ਸੁਆਮੀ ਦਾ ਦਿਲ, ਇੱਕ ਝਰਨਾਟ ਵਿੱਚ ਝਿਰਦੇ । ਫੇਰ ਦੁੱਖ ਕੀਹ ਤੇ ਭੁੱਖ ਕੀਹ ? ਗ੍ਰੀਬੀ ਕੀਹ ਤੇ ਬਿਦੇਸ ਕੀ ? ਕੋਈ ਦੁੱਖ ਫੇਰ ਦੁੱਖ ਨਹੀਂ । ਅਸਲ ਗੱਲ ਇਹ ਹੈ ਕਿ ਅਮੀਰੀ ਮਨ ਦੇ ਸੁਖ ਦੀ ਵੈਰਨ ਹੈ।
ਪਦਮਾ-ਮੇਰੀਓ ਵੱਡੀਓ ਤੇ ਸਤਿਕਾਰ ਯੋਗ ਵੱਡੀਓ! ਤੁਸੀਂ ਲੱਗ ਪਈਆਂ ਜੇ ਆਪਣੀ ਗੱਲੀਂ, ਤੇ ਮੈਂ ਕਰਨੀਆਂ ਸਨ ਹੋਰ ਗੱਲਾਂ । ਆਖੋ ਤਾਂ ਛੇੜਾਂ ?
ਰਾਣੀ ਡਡਵਾਲਨ-ਆਹੋ ਨੀ ਆਹੋ ਭੜਾਕੂਏ ! ਕਰਨੀਆਂ ਸੂ ਗੱਲਾਂ । ਤੇਰੀ ਗੱਲੀਂ ਚੌਲ ਜੂ ਹੋਏ, ਨਾਂ ਹੱਡ ਪਏ । ਸੁਖੀ ਵਸਨੀਏਂ, ਛੜੀ ਛਾਂਟ । ਨਾ ਲਾਲਚ ਕੀਤਾ ਤੇ ਨਾਂ ਪਏ ਮਾਮਲੇ । ਤੈਨੂੰ ਤਾਂ ਹੋਰ ਹੋਰ ਗੱਲਾਂ ਭਾਉਂਣੀਆਂ ਹੋਈਆਂ ਨਾਂ ।
ਪਦਮਾ ਦੀ ਮਾਂ-ਡਡਵਾਲਨੇ ! ਧੀਆਂ ਨਾਲ ਬੀ ਮਖੌਲ, ਆਪੋ ਵਿੱਚ ਤਾਂ ਭਲਾ ਹੋਇਆ ਨਾਂ।
ਰਾਣੀ ਡਡਵਾਲਨ-ਉਹ ਹੋ ਚੰਬਿਆਲਨੇ ! ਮੈਨੂੰ ਚੇਤਾ ਹੀ ਭੁੱਲ ਗਿਆ ਜੋ ਪਦਮਾ ਧੀ ਹੈ। ਮਾਫ ਕਰਨਾ, ਗੁੱਸੇ ਨਹੀਂ ਹੋਣਾ । ਪਰ ਮੈਨੂੰ ਤਾਂ ਏਸ ਧੀ ਨਾਲ ਬੀ ਸਾੜਾ ਹੈ ਜਿਨ ਪੋਥੀਆਂ ਨਾਲ ਵਿਆਹ ਕੀਤਾ ਹੈ ਤੇ ਸੁਖ ਦੀ ਨੀਂਦੇ ਸੌਂਦੀ ਹੈ, ਤੇਰੇ ਵਰਗੀ ਮਿਲੀ ਹੈ ਮਾਂ ਤੇ ਬਹਾਰਾਂ ਕਰਦੀ ਹੈ ਤੇਰੇ ਸਿਰ ਤੇ । ਖਿਮਾਂ ਕਰਨੀ ਮੈਂ ਮੂੰਹ ਪਾਟਾ ਢੋਲ ਜੂ ਹੋਈ।
ਪਦਮਾ-ਤੁਸੀਂ ਸਾਰੀਆਂ ਵੱਡੀਆਂ ਮੇਰੀਆਂ ਮਾਵਾਂ ਹੋ। ਮੈਂਨੂੰ ਏਹ ਦੱਸੋ ਗੁਰੂ ਕਿਹੋ ਜਿਹਾ ਡਿੱਠਾ ਨੇ ? “