

ਰਾਣੀ ਡਡਵਾਲਨ-(ਸੁਣਕੇ) ਇਹ ਪਾਰ ਉਤਾਰਣ ਵਾਲੀ ਕੌਣ ਕੁਸਕੀ ਹੈ। (ਤੱਕ ਕੇ) ਅੱਛਾ ! ਇਹੋ ਭਾਵੇਂ ਪੰਡਤਾਣੀ ਦੀ ਸਖੀ ਤੇ ਅੰਤੰਗ ਸਹੇਲੀ ਹੈ। ਕਿਉਂ ਨਾਂ ਹੋਵੇ, ਕੀ ਆਖਿਆ ਈ ਅੰਤ੍ਰ-ਮੁਖ ਹੋਕੇ 'ਹੁਣ ਵਿੱਚ' ਸੁਖੀ ਜੀਵਾਂ ? ਓ ਭੋਲੀਏ । ਅੰਤ੍ਰ ਮੁਖ ਅਗਲੇ ਜਨਮ, ਇਹ ਜਨਮ ਸਫਲ ਹੋ ਗਿਆ ਈ “ਦਰਸ਼ਨ ਹੋ ਗਏ” ਬੱਸ ਏਹ ਨਸ਼ਾ ਇਸ ਜਨਮ ਲਈ ਬਤੇਰਾ ਹੈ । ਸੇਵਾ, ਭਗਤੀ, ਪ੍ਯਾਰ, ਕਲਗੀਆਂ ਵਾਲੇ ਦਾ ਅਗਲੇ ਜਨਮ ਕਮਾਵਾਂਗੇ । ਇਸ ਜਨਮ ਤਾਂ ਇਹ ਨਸ਼ਾ ਹੀ ਨਹੀਂ ਉਤਰਨਾਂ ਕਿ ਮੇਰੇ ਜੇਹਾ ਕੌਣ ਹੈ ਜਿਸ ਨੂੰ ਸਾਖ੍ਯਾਤ ਬ੍ਰਹਮ ਦੇ ਦਰਸ਼ਨ ਹੋ ਗਏ ? ਜਿਸ ਲਈ ਜੋਗੀ ਧ੍ਯਾਨ ਧਰਦੇ ਤੇ ਤਪੀ ਤਪ ਸਾਧਨੇ ਹਨ, ਹੁਣ ਨੈਣੀ ਵੇਖ ਲਿਆ, ਕਿਸ ਨੇ ? ਮੇਰੇ ਵਰਗੀ ਬੜਬੋਲਣ, ਬੇਅਦਬ ਗੁਸਤਾਖ ਨੇ, ਪਤੀ ਅਵੱਗ੍ਯਾ ਕਰਨ ਵਾਲੀ ਨੇ ਦਰਸ਼ਨ ਪਾ ਲਿਆ । ਪਾਪੀਆਂ ਨੂੰ ਵੀ ਦਰਸ਼ਨ ਦੇ'ਦਾ ਹੈ। ਮੇਰੇ ਵਰਗੀ ਨੂੰ ਬੀ ਦਿੱਸ ਪਿਆ ਏ, ਏਹ ਨਸ਼ਾ ਕੱਲ ਦਾ ਚੜ੍ਹਿਆ 'ਕਿ ਮੈਂ ਦਰਸ਼ਨ ਪਾਯਾ ਹੈ' ਇਸ ਜਨਮ ਨਹੀਂ ਲਹਣ ਲੱਗਾ। ਸਨਿੱਕੋ ! ਅਗਲੇ ਜਨਮ, ਕੁੜੀਏ ! ਅਗਲੇ ਜਨਮ, ਤਪ ਕਰਾਂਗੇ, ਘਾਲਾਂ ਘਾਲਾਂਗੇ । ਏਸ ਜਨਮ ਖੁਸ਼ੀਆਂ, ਰੱਬ ਨੇ ਧਨ ਦਿੱਤਾ, ਧਾਮ ਦਿੱਤਾ ਪਤੀ ਦਿੱਤਾ ਤੇ ਪਤੀ ਮੇਰੇ-ਵੱਸ-ਪਤੀ ਦਿੱਤਾ; ਫੇਰ ਗੁਮਾਨਭਰੀ, ਅਭਮਾਨਭਰੀ, ਮਾਨਮੱਤੀ ਦੀ ਗਿੱਚੀ ਦੇ ਮਣਕੇ ਨਹੀਂ ਤੋੜੇ ਸੂ;ਆਪਣਾ ਦਰਸ਼ਨ ਦਿੱਤਾ ਸੂ, ਮੈਨੂੰ ਬ੍ਰੀਕ ਪੀਹਕੇ ਆਪਣੀ ਬ੍ਰੀਕੀ ਨਹੀਂ ਸੂ ਦਿਖਾਈ, ਮੇਰੇ ਮੋਟੇ ਮੋਟੇ ਹਰਨਾਂ ਵਰਗੇ ਤੇ ਕੰਵਲਾ ਵਰਗੇ ਨੈਣ ਕਟੋਰਿਆਂ ਨੂੰ ਦਰਸ਼ਨਾਂ-ਹਾਂ ਦਿੱਸਦੇ ਦਰਸ਼ਨਾਂ, ਜ਼ਾਹਰ ਪਰਤੱਖ ਦਰਸ਼ਨਾਂ ਦੀ ਦਾਤ ਨਾਲ ਭਰ ਦਿੱਤਾ ਸੂ । ਕਿਉਂ ਸਨਿੱਕੋ ! ਏਸ ਮੇਹਰ ਦਾ ਸ਼ੁਕਰ ਇੱਕ ਜਨਮ ਵਿੱਚ ਪੂਰਾ ਹੋ ਸਕਦਾ ਹੈ ? ਦੱਸ ਘੂਠੀਏ ? ਅੱਖਾਂ ਕਿਉਂ ਨੂਟ ਬੈਠੀ ਏਂ ? ਮੀਟੇ ਛਪਰਾਂ ਵਿੱਚੋਂ ਮੋਤੀ ਨਾ ਕੇਰ, ਮੈਂ ਜੌਹਰੀ ਨਹੀਂ, ਮੈਨੂੰ ਮੇਰੇ ਕੰਨਾਂ ਦੋ ਸੁਣਨ ਗੋਚਰੇ ਅੱਖਰਾਂ ਵਿੱਚ ਕਹੁ ਖਾਂ ਕੀ ਇੱਕ ਜਨਮ ਵਿੱਚ ਏਸ ਮੇਹਰ ਦਾ ਸ਼ੁਕਰ ਇੱਕ ਪਾਪੀ, ਜਿਸ ਦੇ ਲੂੰ ਬੀ ਜੀਭਾਂ ਹੋ ਜਾਣ ਤੇ ਕਰਦਾ ਬੀ ਸ਼ੁਕਰ ਦਿਨੇ ਰਾਤ ਰਹੇ, ਕਦੇ ਸ਼ੁਕਰ ਪੂਰਾ ਕਰ ਸਕਦਾ ਹੈ ? ਹੋਵੇ ਆਪ ਪਵਿੱਤ੍ਰਤਾ ਦਾ ਬਲਦਾ ਭਾਂਬੜ ਤੇ ਦਰਸ਼ਨ ਦੇਵੇ ਮੇਰੇ ਵਰਗੇ ਅਭਮਾਨੀਆਂ ਨੂੰ । ਸਨਿੱਕੋ ! ਇਸ ਮੇਹਰ ਦਾ ਸ਼ੁਕਰ, ਏਸ ਮੇਹਰ ਦਾ ਨਸ਼ਾ, ਨੀ ਆਹੋ ਨੀ ਗਯਾਨਣੇ ! ਏਸ ਮੇਹਰ ਦਾ ਅਘੁਮਾਨ ਨੀ, ਅਘੁਮਾਨ ਨੀ, ਨੀ ਨੀ ਮੈਂ ਭੁੱਲੀ, ਅਭਮਾਨ ਨੀ ਅਭਮਾਨ, ਕਾਫੀ ਹੈ, ਬੱਸ ਹੈ। ਅਗਲੇ ਜਨਮ ਤੇਰੀਆਂ ਮੇਰੀਆਂ ਗੱਲਾਂ, ਫੇਰ ਕਰਾਂਗੇ ਤੇਰੇ ਨਾਲ ਰਲਕੇ, ‘ਅੰਤਰ ਮੁਖ ਧ੍ਯਾਨ' ਤੇ ‘ਹੁਣ’ ਨੂੰ ਸੰਭਾਲਾਂਗੇ ਕਿਸੇ ਹੋਰ ਸੁਖ ਵਿੱਚ, ਜਿਸ ਵਿੱਚ ਮੈਂ ਮਹੀਨ ਹੋ ਗਈ ਹੋਵਾਂਗੀ, ਹਾਲੇ ਤਾਂ ਮੈਂ ਮੈਗਲ ਹਾਂ, ਮੋਟੀ ਮੋਟੀ ਫੁੱਲੀ ਫੁੱਲੀ, ਠੁੱਲੀ ਠੁੱਲੀ ।
ਪਦਮਾ-( ਗੱਲ ਟੁੱਕ ਕੇ ) ਖਿਮਾ ਕਰਨੀ, ਤੁਹਾਡੇ ਕਟਾਖ੍ਯ ਗੂਹਯ ਹਨ ।
ਰਾਣੀ ਡਡਵਾਲਨ-ਮੂੰਹ ਫੱਟੇ ਅਭਮਾਨੀ ਹਾਂ ਤੇ ਜਾਣਦੇ ਹਾਂ ਕਿ ਮਾੜਾ ਕਰਦੇ ਹਾਂ, ਪਰ ਪੇਸ਼ ਨਹੀਂ ਜਾਂਦੀ, ਅੱਜ ਹੋਰ ਨਸ਼ਾ ਚੜ੍ਹ ਗਿਆ ਹੈ। ਇੱਕ ਸੀ ਕਮਲੀ ਉੱਤੋਂ ਪੀ ਲਈ ਭੰਗ।
ਰਾਣੀ ਸ੍ਰੀ ਨਗਰਨ-ਮੇਰੀ ਵੀ ਸੁਣੋ ! ਮੇਰਾ ਜੀ ਏਹ ਕੀਤਾ ਹੈ ਤੇ ਮੈਂ ਰਾਜੇ ਨੂੰ ਕਿਹਾ ਹੈ ਕਿ ਦੇਸ ਭਾਰ ਹੇਠ ਹੈ, ਰਾਜ ਉਪਦ੍ਰਵ ਹੋ ਰਿਹਾ ਹੈ ਇਹ ‘ਧਰਾ ਭਾਰ ਹਰਨ ਆਏ' ਪ੍ਰਤੱਖ ਦਿਸਦੇ ਹਨ । ਤੁਸੀਂ ਹੁਣ ਸੁਲ੍ਹਾ ਕਰਨ ਆਏ ਹੋ, ਸੁਲ੍ਹਾ ਹੀ ਨਾ ਕਰੋ ਸਰਨ ਲੈਕੇ ਇਕ ਭਾਰੀ ਦਲ ਸਿੱਖਾਂ ਤੇ ਰਾਜ ਪੂਤਾਂ ਦਾ ਕੱਠਾ ਕਰਕੇ ਭਾਰਤ ਦਾ ਭਾਰ ਹਰ ਦਿਓ । ਸੋ ਭੈਣੋ ! ਮੈਨੂੰ ਤਾਂ “ਧਰਾ-ਭਾਰ-ਹਰਨ” ਦਿਸਦੇ ਹਨ ।
ਰਾਣੀ ਬਿਲਾਸਨ-ਮੈਨੂੰ ਕੁਛ ਨਹੀਂ ਦਿੱਸਿਆ,ਇਕ ਚਾਨਣੇ ਵਿੱਚ ਹੋਰ ਚਾਨਣਾ ਸੀ ਤੇ ਚਾਨਣ ਦੇ ਫੁੱਲ ਚਾਨਣੇ ਅਕਾਸ਼ ਤੋਂ ਢਹਿ ਰਹੇ ਸਨ ਤੇ ਕੋਈ ਕਹਿ ਰਿਹਾ ਸੀ ਖਾਕੀ ਜਾਮੇ ਤੇ ਨਹੀਂ ਭੁਲਣਾ । ਮੇਰੇ ਖ੍ਯਾਲ ਵਿੱਚ ਸਾਖ੍ਯਾਤ ਗੁਰੂ ਹਨ, ਤੇ ਗੁਰੂਆਂ ਦੇ ਗੁਰੂ ਹਨ, ਸ਼ਬਦ ਦੇ ਦਾਤੇ ਹਨ । ਮੈਂ ਅੱਗੇ ਮੰਤ੍ਰ ਲੀਤਾ ਹੋਯਾ ਹੈ: “ਅਯੰ ਆਤਮਾ ਬ੍ਰਹਮ” ਤੇ ਨਿੱਤ ਜਪਦੀ ਹਾਂ । ਪਰ ਹਜੂਰੀ ਵਿੱਚ ਜਾਕੇ ਇਹ ਭੁੱਲ ਗਿਆ ਤੇ ਜੀਭ ਤੇ ਚੜ੍ਹ ਗਿਆ “ਵਾਹਿਗੁਰੂ”। ਇਸ ਤੋਂ ਮੈਂ ਜਾਤਾ ਕਿ ਜੁਗ ਜੁਗ ਦਾ ਗੁਰੂ, ਗੁਰੂਆਂ ਦਾ ਗੁਰੂ ਇਹੋ ਹੈ ।