ਉੱਨ ਦੇ ਗੋਲ਼ੇ
ਪਿੰਡਾਂ ਅਤੇ ਸ਼ਹਿਰਾਂ ਨੂੰ ਬਰਾਬਰ ਮੰਨਿਆ ਜਾਂਦੈ, ਪਰ ਪਿੰਡਾਂ ਦਾ ਰਹਿਣ-ਸਹਿਣ, ਜਿਊਂਣ ਦਾ ਅੰਦਾਜ਼, ਚੀਜ਼ਾਂ ਤੇ ਹਾਲਾਤ ਨੂੰ ਦੇਖਣ ਸਮਝਣ ਦਾ ਤਰੀਕਾ ਸ਼ਹਿਰਾਂ ਨਾਲੋਂ ਵੱਖ ਹੁੰਦਾ ਹੈ, ਇਹ ਪਿੰਡਾਂ ਦੀ ਖੂਬਸੂਰਤੀ ਦਾ ਇੱਕ ਰੰਗ ਹੈ। ਪੂਰੇ ਸ਼ਹਿਰੀਆਂ ਨੂੰ ਪਿੰਡਾਂ 'ਚ ਦੀਆਂ ਖੇਡਾਂ, ਗੁੱਲੀ- ਡੰਡਾ, ਬਾਂਦਰ-ਕਿੱਲਾ, ਪੀਂਘ-ਪਲਾਂਘੜਾ, ਲੂਣ-ਮਿਆਣੀ ਵਰਗੀਆਂ ਖੇਡਾਂ ਬਾਰੇ ਸ਼ਾਇਦ ਹੀ ਪਤਾ ਹੋਵੇ। ਪਰ ਬਹੁਤ ਕੁਝ ਪਿੰਡਾਂ ਤੇ ਸ਼ਹਿਰਾਂ ਦਾ ਸਾਂਝਾ ਵੀ ਹੈ। ਕ੍ਰਿਕੇਟ ਇੰਟਰਨੈੱਟ ਸੋਸ਼ਲ ਮੀਡੀਆ, ਫੇਸਬੁੱਕ, ਇੰਸਟਾਗ੍ਰਾਮ ਆਦਿ ਇਹੋ ਜਿਹੀਆਂ ਚੀਜ਼ਾਂ ਹਨ ਜਿਹੜੀਆਂ ਪਿੰਡ ਤੇ ਸ਼ਹਿਰ ਵਾਸੀਆਂ ਦੀਆਂ ਸਾਂਝੀਆਂ ਨੇ। ਅਜਿਹੀ ਹੀ ਇੱਕ ਸਾਂਝੀ ਚੀਜ਼ ਹੈ ਉੱਨ ਦੇ ਕੱਪੜੇ ਬੁਣਨਾ। ਇਹ ਸ਼ੌਕ ਪਿੰਡਾਂ ਤੇ ਸ਼ਹਿਰਾਂ ਵਾਲੀਆਂ ਬੀਬੀਆਂ ਦੋਵਾਂ ਨੂੰ ਹੁੰਦਾ। ਜਦੋਂ ਮੈਂ ਪਿੰਡ ਰਹਿੰਦਾ ਸੀ ਤਾਂ ਉੱਥੇ ਮੈਂ ਸਾਡੇ ਆਂਢ-ਗੁਆਂਢ ਦੀਆਂ ਔਰਤਾਂ ਨੂੰ, ਉੱਨ ਦੀਆਂ ਕੋਟੀਆਂ-ਸਵੈਟਰ ਬੁਣਦੇ ਦੇਖਿਆ ਕਰਨਾ। ਵੱਖੋ-ਵੱਖ ਰੰਗ ਤੇ ਡਿਜ਼ਾਈਨ ਵਰਤ ਕੇ ਉਹ, ਬਹੁਤ ਖੂਬਸੂਰਤ ਕੱਪੜੇ ਬਣਾਉਂਦੀਆਂ ਸੀ।
ਇਹਨਾਂ ਬਾਰੇ ਤਿੰਨ ਚੀਜ਼ਾਂ ਮੈਨੂੰ ਚੰਗੀ ਤਰ੍ਹਾਂ ਯਾਦ ਨੇ ਜਿਹੜੀਆਂ ਅਸੀਂ ਕਰਦੇ ਸੀ ਤੇ ਉਹਨਾਂ ਦੀਆਂ ਪਰੇਸ਼ਾਨੀਆਂ ਵਧਾਉਂਦੇ ਸੀ। ਪਹਿਲੀ ਤਾਂ ਉਹਨਾਂ ਵਾਂਗ ਬੁਣਤੀ ਪਾਉਣ ਦੀ ਕੋਸ਼ਿਸ਼ ਕਰਨਾ, ਦੋ ਕੁ ਵਾਰੀ ਤੋਂ ਬਾਅਦ ਧਾਗਾ ਪਾਉਣ ਦਾ ਪਤਾ ਨਾ ਲੱਗਣਾ ਤੇ ਫੇਰ ਬੁਣਨ ਵਾਲ਼ੀ ਦਾਦੀ, ਮਾਂ, ਮਾਸੀ, ਚਾਚੀ ਨੇ ਗੁੱਸੇ ਹੋਣਾ ਕਿ ਮੇਰਾ ਟਾਈਮ ਵੀ ਖ਼ਰਾਬ ਕਰਤਾ ਤੇ ਬੁਣਤੀ ਵੀ। ਦੂਜੀ ਚੀਜ਼ ਹੈ ਉੱਨ ਦਾ ਗੋਲ਼ਾ ਚੁੱਕ ਕੇ ਪਤੰਗ ਚੜ੍ਹਾਉਣਾ ਤੇ ਫੇਰ ਉੱਨ ਖ਼ਰਾਬ ਹੋਣ ਪੈਣੀ।