ਸੁਖਾ ਪੀਂਦੇ ਤੇ ਫੀਮਾਂ ਛਕ ਰਹੇ ਨੇਤਰ ਨਸ਼ੇ ਦੇ ਵਿਚ ਸੀ ਲਾਲ ।
ਜਾਕੇ ਮੇਰੂ ਨੂੰ ਦਿੰਦੀ ਥਾਪੀਆਂ ਬੇਟਾ ਲੜ ਮੁਗਲਾਂ ਦੇ ਨਾਲ ।
ਦੁੱਲਾ ਡਰ ਕੇ ਨਾਨਕੀਂ ਜਾ ਬੜਿਆ ਲੁਟ ਲੈਣਗੇ ਮੁਗਲ ਦਲਾਲ ।
ਤੂੰ ਅਸਾਂ ਦੀ ਆਣ ਬੇਟਾ ਰਖ ਦੇ ਚਕ ਹਥ ਤਲਬਾਰ ਤੇ ਢਾਲ ।
ਸੁਣ ਕੇ ਮੇਰੂ ਲਦੀ ਮਾਂ ਨੂੰ ਆਖਦਾ ਦੁੱਲਾ ਲਊਗਾ ਪਿੰਡੀ ਸੰਭਾਲ ।
ਜੀਹਨੂੰ ਪਿਸਤੇ ਬਦਾਮ ਖੁਲਾਂਮਦੀ ਪਾਲਿਆ ਦੁਧ ਤੇ ਮੱਖਣਾਂ ਨਾਲ।
ਸਾਨੂੰ ਸੁਕੇ ਟੁਕੜੇ ਨਹੀਂ ਲਭਦੇ ਅਸੀਂ ਪਲੇ ਹਾਂ ਕਰਮਾਂ ਨਾਲ ।
ਮਾਤਾ ਮੈਂ ਨੀ ਜਾਂਦਾ ਜੰਗ ਨੂੰ ਹੁਣ ਦੁੱਲੇ ਨੂੰ ਜਾ ਕੇ ਭਾਲ ॥ ੪੪ ॥
ਗਲ ਸੁਣ ਕੇ ਮੇਰੂ ਦੀ ਲਦੀ ਰੋਮਦੀ ਮੇਰੂ ਕਰਕੇ ਬੈਠਾ ਇਨਕਾਰ ।
ਪਿਛੇ ਭੁਲਰ ਬੀ ਤਕੀਏ ਚਿ ਆ ਗਈ ਜੇੜੀ ਬਿਹੀ ਦੁੱਲੇ ਦੀ ਨਾਰ ।
ਸੱਸ ਨੂਹਾਂ ਮੇਰੂ ਕੋਲ ਰੋਂਦੀਆਂ ਤਾਨੇ ਦਿੰਦੀਆਂ ਨੇ ਬੇਸ਼ੁਮਾਰ ।
ਨਿੱਜ ਜੰਮੇ ਪਿੰਡੀ ਨੂੰ ਦਾਗ ਲਾ ਦਿਤਾ ਮਰਦ ਨਹੀਂ ਤਾਂ ਬਣ ਬੈਠੇ ਨਾਰ।
ਐਨੀ ਸੁਣ ਕੇ ਮੇਰੂ ਤਾਂ ਜੋਸ਼ ਖਾ ਗਿਆ ਝੱਟ ਫੜਲੀ ਹੈ ਹਥ ਤਲਬਾਰ।
ਸਾਥ ਮੇਰੂ ਦੇ ਸਾਥੀ ਤੁਰ ਪਏ ਕਠੀ ਅਮਲੀਆਂ ਦੀ ਭਾਰੀ ਲਾਰ ।
ਭੱਟੀ ਅਮਲੀ ਚੜ੍ਹਗੇ ਗੱਜ ਕੇ ਦਸਾਂ ਅਗੇ ਦਾ ਹਾਲ ਉਚਾਰ ॥੪੫॥
ਮਿਰਜ਼ਾ ਦੇਖਿਆ ਨੁੜਿਆ ਨੌਕਰਾਂ ਪਿਆ ਬੇੜੀਆਂ ਦੇ ਵਿਚ ਪਠਾਨ ।
ਜਾ ਬਢੀਆਂ ਪੈਰੋਂ ਬੇੜੀਆਂ ਨਾਲੇ ਹਥਕੜੀਆਂ ਬੀ ਜਾਨ।
ਗੁਸਾ ਖਾਇਆ ਮਿਰਜੇ ਸੂਰਮੇ ਹੁਕਮ ਦਿੰਦਾ ਫੌਜ ਨੂੰ ਆਨ।
ਫੌਜਾਂ ਚਕ ਰਫਲਾਂ ਨੂੰ ਖੜਗੀਆਂ ਲਗੇ ਚਲਣ ਤੀਰ ਕਮਾਨ ।
ਦਰਵਾਜਾ ਦਰਸ਼ਨੀ ਭੱਨਤਾ ਮੇਰੂ ਲਗਿਆ ਗੁਸਾ ਖਾਣ।
ਚੜ੍ਹਗੇ ਸਾਰੇ ਪੋਸਤੀ ਬੜੇ ਮੁਗਲਾਂ ਦੇ ਵਿਚ ਆਨ।
ਅਮਲੀ ਹਾਥੀ ਵਾਂਗੂ ਝੂਲਦੇ ਮਾਰੇ ਚਾਲੀ ਮੁਗਲ ਪਠਾਨ ।
ਇਕ ਮੇਰੂ ਦਾ ਫੀਮੀ ਮਰ ਗਿਆ ਨਸ਼ਾ ਫੌਰਨ ਉਤਰਿਆ ਆਨ।
ਅਮਲੀ ਅਖ ਬਚਾ ਪਿੰਡੀ ਆ ਬੜੇ ਦਿਤੀ ਫੀਮ ਲਦੀ ਨੇ ਲਿਆਨ ।
ਮਾਂ ਨੇ ਥਾਪੀ ਦਿਤੀ ਪੁਤ ਨੂੰ ਫੇਰ ਚੜ੍ਹੀ ਲੋਰਾਂ ਆਨ ॥ ੪੬॥