Back ArrowLogo
Info
Profile

ਮੁਢੋਂ ਦੀ ਤੂੰ ਰਿਜ਼ਕ ਵਿਹੂਣੀ, ਗੋਹੜਿਉਂ ਨਾ ਤੂੰ ਕੱਤੀ ਪੂਣੀ,

ਹੁਣ ਕਿਉਂ ਫਿਰਨੀ ਏਂ ਨਿੰਮੋਝੂਣੀ, ਕਿਸ ਦਾ ਕਰੇਂ ਗੁਮਾਨ ਕੁੜੇ।

ਕਰ ਕੱਤਣ ਵੱਲ ਧਿਆਨ ਕੁੜੇ।

ਨਾ ਤੱਕਲਾ ਰਾਸ ਕਰਾਵੇਂ ਤੂੰ, ਨਾ ਬਾਇੜ ਮਾਲ੍ਹ ਪਵਾਵੇਂ ਤੂੰ,

ਕਿਉਂ ਘੜੀ ਮੁੜੀ ਚਰਖ਼ਾ ਚਾਵੇਂ ਤੂੰ, ਤੂੰ ਕਰਨੀ ਏਂ ਆਪਣਾ ਜ਼ਿਆਨ ਕੁੜੇ।

ਕਰ ਕੱਤਣ ਵੱਲ ਧਿਆਨ ਕੁੜੇ।

ਡਿੱਗਾ ਤੱਕਲਾ ਰਾਸ ਕਰਾ ਲੋ, ਨਾਲ ਸ਼ਤਾਬੀ ਬਾਇੜ ਪਵਾ ਲੈ,

ਜਿਉਂ ਕਰ ਵਗੇ ਤਿਵੇਂ ਵਗਾ ਲੈ, ਮਤ ਕਰ ਕੋਈ ਅਗਿਆਨ ਕੁੜੇ।

ਕਰ ਕੱਤਣ ਵੱਲ ਧਿਆਨ ਕੁੜੇ।

ਅੱਜ ਘਰ ਵਿਚ ਨਵੀਂ ਕਪਾਹ ਕੁੜੇ, ਤੂੰ ਤਬ ਝਬ ਵੇਲਣਾ ਡਾਹ ਕੁੜੇ,

ਰੂੰ ਵੇਲ ਪਿੰਜਾਵਣ ਜਾਹ ਕੁੜੇ, ਮੁੜ ਕਲ੍ਹ ਨਾ ਤੇਰਾ ਜਾਣ ਕੁੜੇ।

ਕਰ ਕੱਤਣ ਵੱਲ ਧਿਆਨ ਕੁੜੇ।

ਤੇਰੇ ਨਾਲ ਦੀਆਂ ਸਭ ਸਈਆਂ ਨੀ, ਕੱਤ ਪੂਣੀਆਂ ਸਭਨਾਂ ਲਈਆਂ ਨੀ,

ਤੈਨੂੰ ਬੈਠੀ ਨੂੰ ਪਿੱਛੇ ਪਈਆਂ ਨੀ, ਕਿਉਂ ਬੈਠੀ ਏਂ ਹੁਣ ਹੈਰਾਨ ਕੁੜੇ।

ਕਰ ਕੱਤਣ ਵੱਲ ਧਿਆਨ ਕੁੜੇ।

ਦੀਵਾ ਆਪਣੇ ਪਾਸ ਜਗਾਵੀਂ, ਕੱਤ ਕੱਰ ਸੂਤ ਭਰ ਵੱਟੀ' ਪਾਵੀਂ,

ਅੱਖੀਂ ਵਿਚੋਂ ਰਾਤ ਲੰਘਾਵੀਂ, ਔਖੀ ਕਰਕੇ ਜਾਨ ਕੁੜੇ।

ਕਰ ਕੱਤਣ ਵੱਲ ਧਿਆਨ ਕੁੜੇ।

ਰਾਜ ਪੇਕਾ ਦਿਨ ਚਾਰ ਕੁੜੇ, ਨਾ ਖੇਡੋ ਖੇਡ ਗੁਜ਼ਾਰ ਕੁੜੇ।

ਨਾ ਹੋ ਵਿਹਲੀ ਕਰ ਕਾਰ ਕੁੜੇ, ਘਰ ਬਾਰ ਨਾ ਕਰ ਵੀਰਾਨ ਕੁੜੇ।

ਕਰ ਕੱਤਣ ਵੱਲ ਧਿਆਨ ਕੁੜੇ।

ਤੂੰ ਸੁੱਤਿਆਂ ਰੈਣ ਗੁਜ਼ਾਰ ਨਹੀਂ, ਮੁੜ ਆਉਣਾ ਦੂਜੀ ਵਾਰ ਨਹੀਂ,

ਫਿਰ ਬਹਿਣਾ ਏਸ ਭੰਡਾਰ ਨਹੀਂ, ਵਿਚ ਇੱਕੋ ਜੇਡੇ ਹਾਣ ਕੁੜੇ।

ਕਰ ਕੱਤਣ ਵੱਲ ਧਿਆਨ ਕੁੜੇ।

ਤੂੰ ਸਦਾ ਨਾ ਪੇਕੇ ਰਹਿਣਾ ਏਂ, ਨਾ ਪਾਸ ਅੰਬੜੀ ਦੇ ਬਹਿਣਾ ਏ,

ਭਾ ਅੰਤ ਵਿਛੋੜਾ ਸਹਿਣਾ ਏਂ, ਵੱਸ ਪਏਗੀ ਸੱਸ ਨਨਾਣ ਕੁੜੇ।

ਕਰ ਕੱਤਣ ਵੱਲ ਧਿਆਨ ਕੁੜੇ।

ਕੱਤ ਲੈ ਨੀ ਕੁਝ ਕਤਾ ਲੈ ਨੀ, ਹੁਣ ਤਾਣੀ ਤਦ ਉਣਾ ਲੈ ਨੀ,

ਤੂੰ ਆਪਣਾ ਦਾਜ ਰੰਗਾ ਲੈ ਨੀ, ਤੂੰ ਤਦ ਹੋਵੇਂ ਪਰਧਾਨ ਕੁੜੇ।

ਕਰ ਕੱਤਣ ਵੱਲ ਧਿਆਨ ਕੁੜੇ।

ਜਦ ਘਰ ਬੇਗਾਨੇ ਜਾਵੇਂਗੀ, ਮੁੜ ਵਤ ਨਾ ਓਥੋਂ ਆਵੇਗੀ,

ਓਥੇ ਜਾ ਕੇ ਪਛੇਤਾਵੇਗੀ, ਕੁਝ ਅਗਦੋਂ ਕਰ ਸਮਿਆਨ ਕੁੜੇ।

ਅਹੰਕਾਰ, ਨੁਕਸਾਨ, ਬੱਤੀ, ' ਪਹਿਲਾਂ ਹੀ।

110 / 219
Previous
Next