

ਕੀ ਕਸਰ ਕਸੂਰ ਵਿਸਾਰਿਆ, ਸਾਨੂੰ ਆ ਮਿਲ ਯਾਰ ਪਿਆਰਿਆ।
ਮੇਰਾ ਇਕ ਅਨੋਖਾ ਯਾਰ ਹੈ, ਮੇਰਾ ਓਸੇ ਨਾਲ ਪਿਆਰ ਹੈ,
ਕਿਡੇ ਸਮਝੇ ਵਡ ਪਰਵਾਰਿਆ, ਸਾਨੂੰ ਆ ਮਿਲ ਯਾਰ ਪਿਆਰਿਆ।
ਜਦੋਂ ਆਪਣੀ ਆਪਣੀ ਪੈ ਗਈ, ਧੀ ਮਾਂ ਨੂੰ ਲੁੱਟ ਕੇ ਲੈ ਗਈ,
ਮੂੰਹ ਬਾਹਰਵੀਂ ਸਦੀ ਪਸਾਰਿਆ ਸਾਨੂੰ ਆ ਮਿਲ ਯਾਰ ਪਿਆਰਿਆ।
ਦਰ ਖੁੱਲ੍ਹਾ ਹਸ਼ਰ ਅਜ਼ਾਬ ਦਾ, ਬੁਰਾ ਹਾਲ ਹੋਇਆ ਪੰਜਾਬ ਦਾ,
ਡਰ ਹਾਵੀਏ ਦੋਜ਼ਖ਼ ਮਾਰਿਆ, ਸਾਨੂੰ ਆ ਮਿਲ ਯਾਰ ਪਿਆਰਿਆ।
ਬੁਲ੍ਹਾ ਸ਼ੋਹ ਮੇਰੇ ਘਰ ਆਵਸੀ, ਮੇਰੀ ਬਲਦੀ ਤਾ ਬੁਝਾਵਸੀ,
ਅਨਾਇਤ ਦਮਦਮ ਨਾਲ ਚਿਤਾਰਿਆ, ਸਾਨੂੰ ਆ ਮਿਲ ਯਾਰ ਪਿਆਰਿਆ।
ਪਾਠਾਂਤਰ-ਨੰ. 69
ਸਾਨੂੰ ਆ ਮਿਲ ਯਾਰ ਪਿਆਰਿਆ।
ਦੂਰ ਦੂਰ ਅਸਾਥੋਂ ਰਹਿ ਗਇਓ
ਅਰਸ਼ ਤੇ ਆ ਕੇ ਬਹਿ ਰਹਿਓ
ਕੀ ਕਸਰ ਕਸੂਰ ਵਿਸਾਰਿਆ
ਸਾਨੂੰ ਆ ਮਿਲ ਯਾਰ ਪਿਆਰਿਆ।
ਮੇਰਾ ਇਕ ਅਨੋਖਾ ਯਾਰ ਏ
ਮੇਰਾ ਉਸਦੇ ਨਾਲ ਪਿਆਰ ਏ
ਕਦੀ ਆਵੀਂ ਦੇ ਪੁੜ ਵਾਲਿਆ
ਸਾਨੂੰ ਆ ਮਿਲ ਯਾਰ ਪਿਆਰਿਆ!
ਜਦ ਆਪਣੀ ਆਪਣੀ ਪੈ ਗਈ।
ਧੀ ਮਾਂ ਨੂੰ ਲੁੱਟ ਕੇ ਲੈ ਗਈ
ਮੂੰਹ ਬਾਰ੍ਹਵੀਂ ਸਦੀ ਪਸਾਰਿਆ
ਸਾਨੂੰ ਆ ਮਿਲ ਯਾਰ ਪਿਆਰਿਆ!
ਦਰ ਖੁੱਲ੍ਹਾ ਹਸ਼ਰ ਅਜ਼ਾਬ ਦਾ
ਬੁਰਾ ਹਾਲ ਹੋਯਾ ਪੰਜਾਬ ਦਾ
ਵਿਚ ਹਾਵਿਆਂ ਦੋਜ਼ਖਾਂ ਮਾਰਿਆ
ਸਾਨੂੰ ਆ ਮਿਲ ਯਾਰ ਪਿਆਰਿਆ।
ਬੁਲ੍ਹਾ ਸ਼ਹੁ ਮੇਰੇ ਘਰਿ ਆਵਸੀ
ਮੇਰੀ ਬਲਦੀ ਭਾਹ ਬੁਝਾਵਸੀ
ਅਸਾਂ ਦਮ ਬਦਮ ਚਿਤਾਰਿਆ
ਸਾਨੂੰ ਆ ਮਿਲ ਯਾਰ ਪਿਆਰਿਆ!