ਦੋਹੜੇ
੧
ਆਪਣੇ ਤਨ ਦੀ ਖ਼ਬਰ ਨਾ ਕਾਈ, ਸਾਜਨ ਦੀ ਖ਼ਬਰ ਲਿਆਵੇ ਕੌਣ।
ਨਾ ਹੂੰ ਖ਼ਾਕੀ ਨਾ ਹੂੰ ਆਤਸ਼ , ਨਾ ਹੂੰ ਪਾਣੀ ਪਉਣ ।
ਕੁੱਪੇ ਵਿਚ ਰੋੜ ਖੜਕਦੇ , ਮੂਰਖ ਆਖਣ ਬੋਲੇ ਕੌਣ ।
ਬੁੱਲ੍ਹਾ ਸਾਈਂ ਘਟ ਘਟ ਰਵਿਆ,ਜਿਉਂ ਆਟੇ ਵਿਚ ਲੌਣ ।
੨
ਅੱਲ੍ਹਾ ਤੋਂ ਮੈਂ ਤੇ ਕਰਜ਼ ਬਣਾਇਆ, ਹੱਥੋਂ ਤੂੰ ਮੇਰਾ ਕਰਜ਼ਾਈ ।
ਓਥੇ ਤਾਂ ਮੇਰੀ ਪ੍ਰਵਰਿਸ਼ ਕੀਤੀ, ਜਿੱਥੇ ਕਿਸੇ ਨੂੰ ਖ਼ਬਰ ਨਾ ਕਾਈ ।
ਓਥੋਂ ਤਾਂਹੀਂ ਆਏ ਏਥੇ , ਜਾਂ ਪਹਿਲੋਂ ਰੋਜ਼ੀ ਆਈ ।
ਬੁੱਲ੍ਹੇ ਸ਼ਾਹ ਹੈ ਆਸ਼ਕ ਉਸਦਾ, ਜਿਸ ਤਹਿਕੀਕ ਹਕੀਕਤ ਪਾਈ ।
੩
ਅਰਬਾ-ਅਨਾਸਰ ਮਹਿਲ ਬਣਾਯੋ, ਵਿਚ ਵੜ ਬੈਠਾ ਆਪੇ ।
ਆਪੇ ਕੁੜੀਆਂ ਆਪੇ ਨੀਂਗਰ, ਆਪੇ ਬਣਨਾ ਏਂ ਮਾਪੇ ।
ਆਪੇ ਮਰੇਂ ਤੇ ਆਪੇ ਜੀਵੇਂ, ਆਪੇ ਕਰੇਂ ਸਿਆਪੇ ।
ਬੁੱਲ੍ਹਿਆ ਜੋ ਕੁਝ ਕੁਦਰਤ ਰੱਬ ਦੀ, ਆਪੇ ਆਪ ਸਿੰਞਾਪੇ ।
੪
ਭੱਠ ਨਮਾਜ਼ਾਂ ਤੇ ਚਿਕੜ ਰੋਜ਼ੇ, ਕਲਮੇ ਤੇ ਫਿਰ ਗਈ ਸਿਆਹੀ ।
ਬੁੱਲ੍ਹੇ ਸ਼ਾਹ ਸ਼ਹੁ ਅੰਦਰੋਂ ਮਿਲਿਆ, ਭੁੱਲੀ ਫਿਰੇ ਲੁਕਾਈ ।