ਦੂਜੀ ਸੀਹਰਫ਼ੀ
ਅਲਫ਼-
ਆਪਣੇ ਆਪ ਨੂੰ ਸਮਝ ਪਹਿਲੇ,
ਕੀ ਵਸਤ ਹੈ ਤੇਰੜਾ ਰੂਪ ਪਿਆਰੇ।
ਬਾਹਝ ਆਪਣੇ ਆਪ ਦੇ ਸਹੀ ਕੀਤੇ,
ਰਿਹੋਂ ਵਿੱਚ ਦਸਉਰੀ ਦੇ ਦੁੱਖ ਭਾਰੇ।
ਹੋਰ ਲੱਖ ਉਪਾਉ ਨਾ ਸੁੱਖ ਹੋਵੇ,
ਪੁੱਛੇ ਵੇਖ ਸਿਆਣੇ ਨੇ ਜੱਗ ਸਾਰੇ।
ਸੁੱਖ ਰੂਪ ਅਖੰਡ ਹੈਂ ਤੂੰ,
ਬੁੱਲ੍ਹਾ ਸ਼ਾਹ ਪੁਕਾਰਦਾ ਵੇਦ ਚਾਰੇ।
ਬੇ-
ਬੰਨ੍ਹ ਅੱਖੀਂ ਅਤੇ ਕੰਨ ਦੋਵੇਂ,
ਗੋਸ਼ੇ ਬੈਠ ਕੇ ਬਾਤ ਵਿਚਾਰੀਏ ਜੀ।
ਛੱਡ ਖਾਹਸ਼ਾਂ ਜਗ ਜਹਾਨ ਕੂੜਾ,
ਕਿਹਾ ਆਰਫ਼ਾਂ ਦਾ ਹਿਰਦੇ ਧਾਰੀਏ ਜੀ।
ਪੈਰੀਂ ਪਹਿਨ ਜ਼ੰਜੀਰ ਬੇਖਾਹਸ਼ੀ ਦੇ,
ਏਸ ਨਫ਼ਸ ਨੂੰ ਕੈਦ ਕਰ ਡਾਰੀਏ ਜੀ।
ਜਾਨ ਜਾਣ ਦੋਵੇਂ ਜਾਨ ਰੂਪ ਤੇਰਾ,
ਬੁੱਲ੍ਹਾ ਸ਼ਾਹ ਇਹ ਖ਼ੁਸ਼ੀ ਗੁਜ਼ਾਰੀਏ ਜੀ।
ਤੇ-
ਤੰਗ ਛਿਦਰ ਨਹੀਂ ਵਿਚ ਤੇਰੇ,
ਜਿੱਥੇ ਕੱਖ ਨਾ ਇਕ ਸਮਾਂਵਦਾ ਏ।
ਡੂੰਢ ਵੇਖ ਜਹਾਨ ਦੀ ਠੌਰ ਕਿੱਥੇ,
ਅਨਹੁੰਦੜਾ ਨਜ਼ਰੀਂ ਆਵਦਾ ਏ।
ਜਿਵੇਂ ਖ਼ਵਾਬ ਦਾ ਖ਼ਿਆਲ ਹੋਵੇ ਸੁੱਤਿਆਂ ਨੂੰ,
ਤਰ੍ਹਾਂ ਤਰ੍ਹਾਂ ਦੇ ਰੂਪ ਵਖਾਂਵਦਾ ਏ।
ਬੁੱਲ੍ਹਾ ਸ਼ਾਹ ਨਾ ਤੁਝ ਥੀਂ ਕੁਝ ਬਾਹਰ,
ਤੇਰਾ ਭਰਮ ਤੈਨੂੰ ਭਰਮਾਂਵਦਾ ਏ।