ਜ਼ੁਆਦ-
ਜ਼ਿਕਰ ਔਰ ਫ਼ਿਕਰ ਕੋ ਛੋੜ ਦੀਜੇ,
ਕੀਜੋ ਨਹੀਂ ਕੁਝ ਯਹੀ ਪਛਾਨਣਾ ਏਂ।
ਜਾ ਸੌਂ ਉਠਿਆ ਤਾਹੀਂ ਕੇ ਬੀਚ ਡਾਲੋਂ,
ਹੋਏ ਅਡੋਲ ਵੇਖੇ ਆਪ ਚਾਨਣਾ ਏਂ।
ਸਦਾ ਚੀਜ਼ ਨਾ ਪੈਦ ਹੈ ਵੇਖੀਏ ਜੀ,
ਮੇਰੇ ਮੇਰੇ ਕਰ ਜੀਆ ਮੈਂ ਜਾਨਣਾ ਏਂ।
ਬੁੱਲ੍ਹਾ ਸ਼ਾਹ ਸੰਭਾਲ ਤੂੰ ਆਪ ਤਾਈਂ,
ਤੂੰ ਤਾਂ ਸਦਾ ਅਨੰਦ ਹੈਂ ਚਾਨਣਾ ਏਂ।
ਤੋਏ-
ਤੌਰ ਮਹਿਬੂਬ ਦਾ ਜਿਨ੍ਹਾਂ ਡਿੱਠਾ,
ਤਿਨ੍ਹਾਂ ਦੂਈ ਤਰਫੋਂ ਮੁੱਖ ਮੋੜਿਆ ਈ।
ਕੋਈ ਲਟਕ ਪਿਆਰੇ ਦੀ ਲੁੱਟ ਲੀਤੀ,
ਹਟੇ ਨਹੀਂ ਐਸਾ ਜੀ ਜੋੜਿਆ ਈ।
ਅੱਠੇ ਪਹਿਰ ਮਸਤਾਨ ਦੀਵਾਨ ਫਿਰਦੇ,
ਉਨ੍ਹਾਂ ਪੈਰ ਆਲੂਦ ਨਾ ਬੋੜਿਆ ਈ।
ਬੁੱਲ੍ਹਾ ਸ਼ਾਹ ਉਹ ਆਪ ਮਹਿਬੂਬ ਹੋਏ,
ਸ਼ੌਂਕ ਯਾਰ ਦੇ ਕੁਫ਼ਰ ਸਭ ਤੋੜਿਆ ਈ।
ਜ਼ੋਏ-
ਜੁਦਾ ਨਾਹੀਂ ਤੇਰਾ ਯਾਰ ਤੈਂ ਥੀਂ,
ਫਿਰੇਂ ਢੂੰਡਦਾ ਕਿਸ ਨੂੰ ਦੱਸ ਮੈਨੂੰ।
ਪਹਿਲੋਂ ਢੂੰਡਨੇਹਾਰ ਨੂੰ ਢੂੰਡ ਖਾਂ ਜੀ,
ਪਿੱਛੇ ਪਿੱਛੇ ਪਰਤੱਛ ਗਹਿਰੇ ਰਸ ਤੈਨੂੰ।
ਮਤ ਤੂੰ ਈਂ ਹੋਵੇਂ ਆਪ ਯਾਰ ਸਭ ਦਾ,
ਫਿਰੇਂ ਢੂੰਡਦਾ ਜੰਗਲਾਂ ਵਿਚ ਜੀਹਨੂੰ।
ਬੁੱਲ੍ਹਾ ਸ਼ਾਹ ਤੂੰ ਆਪ ਮਹਿਬੂਬ ਪਿਆਰਾ,
ਭੁੱਲ ਆਪ ਥੀਂ ਢੂੰਡਦਾ ਫਿਰੇਂ ਕੀਹਨੂੰ।