ਚੰਦੀ - ਲੈ — ਏਥੇ ਬਹਿ ਜਾ । ਇਸ ਮੂੜ੍ਹੇ ਉਤੇ । ਪੋਹ ਦੇ ਇਸ ਪਾਲੇ ਵਿਚ ਕਿੱਥੋਂ ਆਇਆ ਏਂ ਤੂੰ ? ਏਧਰ ਤਾਂ ਏਡਾ ਪਹਾੜ ਏ, ਜਵੇਰੀ ਜੋਤ ਦੀ ਟੀਸੀ ਬਰਫ਼ ਨਾਲ ਕੱਜੀ ਪਈ ਹੋਵੇਗੀ। ਤੂੰ ਕਿਥੋਂ......?
ਨੌਜੁਆਨ - ਮੈਂ ਇਸੇ ਟੀਸੀ ਨੂੰ ਲੰਘ ਕੇ ਆਇਆ ਹਾਂ । ਜਦੋਂ ਮੈਂ ਜੀਬੀ ਤੇ ਸੋਝਾ ਨੂੰ ਪਾਰ ਕੀਤਾ ਤਾਂ ਚਿੱਟੀ ਬਰਫ਼ ਜਿਵੇਂ ਜੰਮਿਆਂ ਦੁੱਧ ਹੋਵੇ - ਚਫੇਰੀਂ ਫੈਲੀ ਹੋਈ ਸੀ । ਦੁਆਲੇ ਨੀਲੀਆਂ ਧਾਰੀਆਂ ਸਨ । ਜਵੇਰੀ ਪਾਰ ਕਰਨ ਮਗਰੋਂ...... ਉਫ਼ ਮੈਂ ਬਹੁਤ ਹੰਭਿਆ ਹੋਇਆ ਹਾਂ । ਮੈਨੂੰ ਗਰਮ ਪਾਣੀ ਪਿਆ ਦੇ ।
ਚੰਦੀ - ਬਾਪੂ ਲਈ ਚਾਹ ਉਬਲ ਰਹੀ ਏ, ਪਰ ਉਸ ਵਿਚ ਨਾ ਖੰਡ ਏ ਨਾ ਦੁੱਧ । ਰਤਾ ਕੁ ਉਡੀਕ, ਉਹ ਦੁੱਧ ਲਈ ਆਉਂਦਾ ਈ ਹੋਵੇਗਾ ।
ਨੌਜੁਆਨ - ਨਹੀਂ, ਮੇਰੇ ਹੱਥ ਸੁੰਨ ਹੋਈ ਜਾਂਦੇ ਨੇ । ਸੰਘ ਵਿਚ ਕੰਡੇ ਉਗ ਆਏ ਨੇ । ਮੈਨੂੰ ਇਹੋ ਚਾਹ ਪਿਆ ਦੇ ।
ਚੰਦੀ - ਇਹੋ ਕਾਲੀ ਗਾੜ੍ਹੀ ਚਾਹ ?
ਨੌਜੁਆਨ - ਹਾਂ ।
ਚੰਦੀ - ਹੱਛਾ ਤੂੰ ਹੱਥ ਪੈਰ ਨਿਘੇ ਕਰ ।
ਨੌਜੁਆਨ - (ਅੱਗ ਸੇਕਦਾ ਹੈ) ਮੇਰਾ ਖ਼ਿਆਲ ਐ ਸਵੇਰ ਤੀਕ ਬਰਫ਼ ਥੰਮ ਜਾਵੇਗੀ । ਮੇਰੇ ਕੋਲ ਇਨ੍ਹਾਂ ਸਾਰੇ ਪਹਾੜਾਂ ਦੇ ਨਕਸ਼ੇ ਹਨ । ਜਵੇਰੀ ਨੂੰ ਪਾਰ ਕਰਨ ਪਿਛੋਂ ਮੈਂ ਲਾਰਜੀ ਪਾਰ ਕਰਨਾ ਚਾਹੁੰਦਾ ਹਾਂ, ਫੇਰ......
ਚੰਦੀ - (ਤ੍ਰੱਭਕ ਕੇ) ਲਾਰਜੀ ?
ਨੌਜੁਆਨ - ਹਾਂ.... ਕਿਉਂ ?