ਖੇਤੀ ਵਿਰਾਸਤ ਮਿਸ਼ਨ
ਸਵੈਨਿਰਭਰ, ਸਵੈਮਾਨੀ, ਸਵਦੇਸ਼ੀ ਖੇਤੀ ਅਤੇ ਸਰਬਤ ਦੇ ਭਲੇ ਨੂੰ ਸਮਰਪਿਤ ਲੋਕ ਲਹਿਰ
ਖੇਤੀ ਵਿਰਾਸਤ ਮਿਸ਼ਨ ਜੋ ਕਿ ਚੇਤਨ ਲੋਕਾਂ ਦਾ ਕ੍ਰਿਆਸ਼ੀਲ ਸਮੂਹ ਹੈ-ਵੱਲ ਪੰਜਾਬ ਵਿੱਚ ਚਲਾਈ ਜਾ ਰਹੀ ਕੁਦਰਤੀ ਖੇਤੀ ਦੀ ਲਹਿਰ ਬੜੀ ਤੇਜ਼ੀ ਨਾਲ ਪੰਜਾਬ ਵਿਚ ਫੈਲ ਰਹੀ ਹੈ। ਇਸ ਲਹਿਰ ਦੀ ਅਗਵਾਈ ਤਜਰਬੇਕਾਰ ਕਿਸਾਨਾਂ ਅਤੇ ਬੁੱਧੀਜੀਵੀਆਂ ਦਾ ਗਠਜੋੜ ਕਰ ਰਿਹਾ ਹੈ। ਖੇਤੀ ਵਿਰਾਸਤ ਮਿਸ਼ਨ, ਕੁਦਰਤੀ ਖੇਤੀ, ਕੁਦਰਤੀ ਸਾਧਨਾਂ ਅਤੇ ਪੁਸ਼ਤੋਨੀ ਗਿਆਨ ਦੀ ਸਾਂਭ- ਸੰਭਾਲ ਨੂੰ ਪ੍ਰਣਾਈ ਹੋਈ ਇਕ ਲਹਿਰ ਹੈ। ਖੇਤੀ ਵਿਰਾਸਤ ਮਿਸ਼ਨ ਨਾਲ ਜੁੜੇ ਕਈ ਕਿਸਾਨਾਂ ਨੇ ਤਾਂ ਇੱਕ ਹੱਲੇ ਹੀ ਆਪਣੀ ਸਾਰੀ ਜ਼ਮੀਨ ਉਪਰ ਕੁਦਰਤੀ ਖੇਤੀ ਸ਼ੁਰੂ ਕਰ ਦਿੱਤੀ ਹੈ ਜਦੋਂ ਕਿ ਬਾਕੀ ਹੌਲੀ ਹੌਲੀ ਕੁਦਰਤੀ ਖੇਤੀ ਵੱਲ ਪਰਤ ਰਹੇ ਹਨ। ਇਨ੍ਹਾਂ ਕਿਸਾਨਾਂ ਨੇ ਕਾਮਯਾਬੀ ਨਾਲ ਸਿੱਧ ਕਰ ਦਿੱਤਾ ਹੈ ਕਿ ਮਹਿੰਗੇ ਅਤੇ ਜ਼ਹਿਰੀਲੇ ਕੈਮੀਕਲਾ 'ਤੇ ਅਧਾਰਤ ਖੇਤੀ, ਕਿਸਾਨਾਂ ਨਾਲ, ਆਮ ਲੋਕਾਂ ਨਾਲ, ਦੇਸ਼ ਨਾਲ ਅਤੇ ਕੁਦਰਤ ਨਾਲ ਇੱਕ ਕੋਝਾ ਮਜ਼ਾਕ ਹੈ ਜਿਸ ਨੂੰ ਫੌਰੀ ਬੰਦ ਕਰਨਾ ਚਾਹੀਦਾ ਹੈ।
ਸਰਬਤ ਦੇ ਭਲੇ ਦੀ ਅਰਦਾਸ ਕਰਨ ਵਾਲਾ ਪੰਜਾਬ ਅੱਜ ਖ਼ੁਦ ਹੀ ਇੱਕ ਗੰਭੀਰ ਸੰਕਟ ਵਿੱਚ ਹੈ। ਉਸ ਦੇ ਪੌਣ-ਪਾਣੀ ਅਤੇ ਧਰਤੀ ਵਿੱਚ ਜ਼ਹਿਰ ਘੁਲ ਚੁੱਕਾ ਹੈ। ਕੁਦਰਤ ਦੀਆਂ ਦਿੱਤੀਆਂ ਦਾਤਾਂ ਪਲੀਤ ਹੋ ਚੁੱਕੀਆ ਨੇ। ਉਸ ਦੇ ਧੀਆਂ-ਪੁੱਤਾਂ ਦੀਆਂ ਰਗਾਂ ਤੱਕ 'ਚ ਵੀ ਜ਼ਹਿਰ ਪੁੱਜ ਗਏ ਨੇ। ਜਿਸ ਖ਼ੁਰਾਕ ਨੇ ਸਿਹਤ ਬਖ਼ਸ਼ਣੀ ਸੀ ਉਹ ਅੱਜ ਨਾਮੁਰਾਦ ਰੋਗਾਂ ਦਾ ਕਾਰਨ ਬਣ ਰਹੀ ਹੈ ਜੋ ਬਰਬਾਦੀ, ਕਰਜ਼ ਅਤੇ ਮੌਤ ਦਾ ਤਾਂਡਵ ਦਰਸ਼ਾਉਂਦੇ ਹੋਣ। ਅਪਾਹਿਜ ਬੱਚਿਆਂ ਦੇ ਜਨਮ ਤੋਂ ਲੈ ਕੇ ਹੋਰ ਪ੍ਰਜਣਨ ਸਿਹਤਾਂ ਦੇ ਵਿਗਾੜ ਅਤੇ ਕੈਂਸਰ ਦਾ ਦੈਂਤ ਅਜਿਹਾ ਕਾਲਾ ਬੱਦਲ ਬਣ ਕੇ ਆਇਆ ਕਿ ਪੰਜਾਬ ਦਾ ਇੱਕ ਖਿੱਤਾ ਕੈਂਸਰ ਪੱਟੀ ਦੇ ਨਾਮ ਨਾਲ ਹੀ ਜਾਣਿਆ ਜਾਣ ਲੱਗ ਪਿਆ। ਇਹ ਸਭ ਕੁਦਰਤ ਨਾਲੋਂ ਮਾਂ-ਪੁੱਤ ਵਾਲਾ ਰਿਸ਼ਤਾ ਤੋੜਨ ਤੋਂ ਉਪਜਿਆ ਸੰਕਟ ਹੈ। ਪਰ ਇਸ ਘੁੱਪ ਹਨ੍ਹੇਰੀ ਅਤੇ ਅੰਨ੍ਹੀ ਸੁਰੰਗ ਜਾਪਦੀਆਂ ਸਥਿਤੀਆਂ ਵਿੱਚ ਵੀ ਹੋਕਾ ਦੇਣ ਦਾ ਅਤੇ ਹਾਅ ਦਾ ਨਾਅਰਾ ਮਾਰਨ ਦਾ ਕੰਮ ਕੁੱਝ ਲੋਕਾਂ ਅਤੇ ਲਹਿਰਾਂ ਨੇ ਕੀਤਾ ਹੈ। ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਮੁੜ ਕੁਦਰਤ ਨਾਲ ਉਸਦੇ ਪੁੱਤ ਬਣ ਕੇ ਜੁੜਿਆ ਜਾਵੇ। ਖੇਤੀ ਦਾ ਇਹ ਦਰਸ਼ਨ ਸਭ ਜੀਵਾਂ ਪ੍ਰਤਿ ਪ੍ਰੇਮ ਅਤੇ ਸਾਰਿਆਂ ਦੇ ਪ੍ਰਤਿ ਨਿਆ ਦੀ ਭਾਵਨਾ 'ਤੇ ਆਧਾਰਿਤ ਹੈ। ਇਸਦੇ ਕੇਂਦਰ ਵਿੱਚ ਪੈਸਾ ਕਮਾਉਣ ਦੀ ਅੰਨ੍ਹੀ ਹਵਸ ਅਤੇ ਪਦਾਰਥਵਾਦੀ ਜੀਵਨ ਦੀ ਸੰਜਮਹੀਨ ਲਾਲਸਾ ਨਾ ਹੋ ਕੇ ਕਿਰਤ ਕਰਨ ਅਤੇ ਵੰਡ ਛਕਣ ਦਾ ਵਿਚਾਰ ਹੈ। ਇਸ ਵਿੱਚ ਕਿਸਾਨ ਸਿਰਫ ਖੇਤੀ ਦੀ ਉਤਪਾਦਨ ਪ੍ਰਣਾਲੀ ਦਾ ਇੱਕ ਪੁਰਜਾ ਮਾਤਰ ਹੀ ਨਹੀਂ ਹੈ ਸਗੋਂ ਉਹ ਇੱਕ ਵਿਵੇਕਸ਼ੀਲ ਅਤੇ ਆਸਥਾਵਾਨ ਮਨੁੱਖ ਦੇ ਰੂਪ ਵਿੱਚ ਵਿਵਹਾਰ ਕਰਦਾ ਹੈ। ਆਰਥਿਕਤਾ ਉਸਦੀਆਂ ਕਦਰਾਂ-ਕੀਮਤਾ 'ਤੇ ਭਾਰੂ ਨਹੀਂ ਹੁੰਦੀਆਂ। ਉਹ ਕਿਸੇ ਦੂਸਰੇ ਦਾ ਹੱਕ ਨਹੀਂ ਖੋਹਦਾਂ ਅਤੇ ਨਾਂ ਹੀ ਕਿਸੇ ਤੇ ਅੱਤਿਆਚਾਰ ਕਰਦਾ ਹੈ।ਉਹ ਖੇਤੀ ਨੂੰ ਸਿਰਫ ਇੱਕ ਧੰਦਾ ਨਹੀਂ, ਸਗੋਂ ਇੱਕ ਧਰਮ ਸਮਝਦਾ ਹੈ। ਉਹ ਧਰਮ ਜੇ ਹੱਕ, ਸੱਚ, ਦਯਾ ਅਤੇ ਸਭਨਾਂ ਵਿੱਚ ਵਾਹਿਗੁਰੂ ਦੇਖਣ ਦੀ ਜੀਵਨ-ਦ੍ਰਿਸ਼ਟੀ ਦਿੰਦਾ ਹੈ।