ਕੁਦਰਤੀ ਖੇਤੀ ਕਿਵੇਂ ਕਰੀਏ?
ਕਿਸਾਨ ਸਾਥੀਓ! ਹਰੀ-ਕ੍ਰਾਂਤੀ ਨੂੰ ਕ੍ਰਾਂਤੀ ਕਿਹਾ ਗਿਆ ਹੈ। ਕੀ ਹਰੀ-ਕ੍ਰਾਂਤੀ ਸੱਚਮੁੱਚ ਹੀ ਕ੍ਰਾਂਤੀ ਹੈ ? ਕ੍ਰਾਂਤੀ ਦਾ ਕੀ ਅਰਥ ਹੈ ? ਕ੍ਰਾਂਤੀ ਦਾ ਅਰਥ ਹੈ ਅਹਿੰਸਕ ਨਵ-ਨਿਰਮਾਣ। ਕ੍ਰਾਂਤੀ ਦਾ ਪਰਿਣਾਮ ਵਿਨਾਸ਼ ਨਹੀਂ ਹੁੰਦਾ। ਕ੍ਰਾਂਤੀ ਤਾਂ ਸਿਰਜਣ ਕ੍ਰਿਆ ਹੈ। ਕ੍ਰਾਂਤੀ ਦਾ ਉਦੇਸ਼ ਹੁੰਦਾ ਹੈ-ਮਨੁੱਖੀ ਸਮਾਜ ਨੂੰ ਰਾਕਸ਼ੀ ਤੱਤਾਂ ਤੋਂ ਦੈਵੀ ਤੱਤਾਂ ਵੱਲ ਲੈ ਜਾਣਾ।
ਪਰ ਹਰੀ-ਕ੍ਰਾਂਤੀ ਤਾਂ ਹਿੰਸਾ ਦੀ ਰੂਪਾਂਤਰਣ ਕ੍ਰਿਆ ਹੈ, ਨਵ- ਨਿਰਮਾਣ ਦੀ ਨਹੀਂ। ਰਸਾਇਣਕ ਖਾਦਾਂ ਅਤੇ ਜ਼ਹਿਰੀਲੀਆਂ ਕੀੜੇ ਮਾਰ ਦੁਵਾਈਆਂ ਦੀ ਵਰਤੋਂ ਨਾਲ ਧਰਤੀ ਵਿਚਲੇ ਕਰੋੜਾਂ ਜੀਵ- ਜੰਤੂਆਂ ਦਾ ਵਿਨਾਸ਼, ਅਨੇਕਾਂ ਪੰਛੀਆਂ ਦਾ ਵਿਨਾਸ਼ ਅਤੇ ਕੈਂਸਰ, ਸ਼ੂਗਰ, ਦਿਲ ਦੀਆਂ ਬਿਮਾਰੀਆਂ ਅਤੇ ਏਡਜ਼ ਵਰਗੀਆਂ ਭਿਆਨਕ ਬਿਮਾਰੀਆਂ ਰਾਹੀਂ ਮਾਨਵ ਦਾ ਵਿਨਾਸ਼। ਜਿਹੜੀ ਧਰਤੀ ਵੀਹ ਸਾਲ ਪਹਿਲਾਂ ਪ੍ਰਤੀ ਏਕੜ ਸੌ ਟਨ ਗੰਨਾ ਜਾਂ ਚਾਲੀ ਕੁਇੰਟਲ ਕਣਕ ਦੀ ਉਪਜ ਦੇ ਰਹੀ ਸੀ, ਹੁਣ ਉਹੀ ਧਰਤੀ ਹਰੀ-ਕ੍ਰਾਂਤੀ ਕਾਰਨ ਬੰਜਰ ਅਤੇ ਅਣ-ਉਪਜਾਊ ਬਣ ਗਈ ਹੈ। ਉਸ ਭੂਮੀ ਵਿਚ ਹੁਣ ਘਾਹ ਵੀ ਨਹੀਂ ਉਗਦੀ ਜਾਂ ਹੁਣ ਸਿਰਫ਼ ਦਸ ਟਨ ਗੰਨਾ ਜਾਂ ਪੰਜ ਕੁਇੰਟਲ ਕਣਕ ਪ੍ਰਤੀ ਏਕੜ ਹੁੰਦੀ ਹੈ। ਲੱਖਾਂ ਏਕੜ ਜ਼ਮੀਨ ਐਸੀ ਹੈ ਜਿਥੇ ਘਾਹ ਵੀ ਪੈਦਾ ਨਹੀਂ ਹੁੰਦਾ ਹੈ। ਪੰਜਾਹ ਸਾਲ ਪਹਿਲਾਂ ਸ਼ੂਗਰ, ਹਾਰਟ- ਅਟੈਕ, ਕੈਂਸਰ ਅਤੇ ਏਡਜ਼ ਵਰਗੀਆਂ ਬਿਮਾਰੀਆਂ ਦਾ ਇਕ-ਅੱਧ ਮਰੀਜ਼ ਹੀ ਹੁੰਦਾ ਸੀ। ਪਰ ਅੱਜ ਇਹ ਲਾ ਇਲਾਜ ਬਿਮਾਰੀਆਂ ਏਨੀ ਤੇਜ਼ੀ ਨਾਲ ਵਧ ਰਹੀਆਂ ਹਨ ਕਿ ਲੱਗਦਾ ਹੈ ਮਨੁੱਖ ਵਿਨਾਸ਼ ਦੇ ਕਿਨਾਰੇ 'ਤੇ ਖੜਾ ਹੈ। ਇਸ ਦਾ ਕੀ ਕਾਰਨ ਹੈ ?