ਮੌਜੂਦ ਹਨ। ਅਸੀਂ ਕੁਝ ਵੀ ਨਹੀਂ ਪਾਇਆ ਪਰ ਜੜ੍ਹਾਂ ਨੂੰ ਅਤੇ ਦਰੱਖਤ ਨੂੰ ਸਭ ਕੁੱਝ ਮਿਲ ਗਿਆ। ਇਸ ਦਾ ਮਤਲਬ ਹੈ ਕਿ ਕੁਦਰਤ ਨੇ ਇਹ ਸਾਰਾ ਕੁਝ ਉਸ ਨੂੰ ਦਿੱਤਾ। ਇਨ੍ਹਾਂ ਲਈ ਸਾਰੇ ਲੋੜੀਂਦੇ ਤੱਤਾਂ ਨੂੰ ਪੂਰਾ ਕਰਨ ਦਾ ਪੂਰਾ ਇੰਤਜ਼ਾਮ ਕੁਦਰਤ ਕੋਲ ਪਹਿਲਾਂ ਹੀ ਹੈ। ਇਸ ਦਾ ਮਤਲਬ ਹੈ ਕਿ ਧਰਤੀ ਮਾਤਾ ਪੂਰਨ-ਪਾਲਣਹਾਰ ਹੈ। ਇਹ ਸਿਧਾਂਤ ਜਦੋਂ ਮੈਂ ਆਪ ਦੇ ਸਾਹਮਣੇ ਰੱਖਦਾ ਹਾਂ ਤਾਂ ਇਸ ਦਾ ਪੂਰਾ ਸਬੂਤ ਵੀ ਦਿੰਦਾ ਹਾਂ। ਸਾਲ 1924 ਵਿੱਚ ਡਾ: ਕਲਾਰਕ ਅਤੇ ਡਾ: ਵਸਿਸ਼ਗਟਨ ਨਾਮੀ ਦੋ ਭੂ-ਵਿਗਿਆਨੀ ਭਾਰਤ ਆਏ। ਬਰਮਾ-ਸੈੱਲ ਨਾਮੀ ਤੇਲ ਕੰਪਨੀ ਨੇ ਉਨ੍ਹਾਂ ਨੂੰ ਭਾਰਤੀ ਭੂਮੀ ਵਿੱਚ ਇਕ ਹਜ਼ਾਰ ਫੁੱਟ ਤਕ ਸੁਰਾਖ਼ ਕਰਕੇ ਤੇਲ ਦੀ ਖੋਜ ਕਰਨ ਲਈ ਭੇਜਿਆ ਸੀ। ਉਨ੍ਹਾਂ ਨੇ ਇਕ ਹਜ਼ਾਰ ਫੁੱਟ ਤਕ ਸੁਰਾਖ਼ ਕੀਤੇ ਅਤੇ ਹਰੇਕ ਛੇ ਇੰਚ ਭੂਮੀ ਦੀ ਮਿੱਟੀ ਨੂੰ ਪ੍ਰਯੋਗਸ਼ਾਲਾ ਵਿੱਚ ਭੇਜ ਕੇ ਟੈਸਟ ਕਰਵਾਇਆ। ਇਸ ਵਿਗਿਆਨਕ ਜਾਂਚ ਦੇ ਨਤੀਜੇ ਬੜੇ ਦਿਲਚਸਪ ਨਿਕਲੇ। ਉਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਜਿਵੇਂ ਜਿਵੇਂ ਅਸੀਂ ਧਰਤੀ ਦੇ ਥੱਲੇ ਜਾਂਦੇ ਹਾਂ ਉਵੇਂ ਉਵੇਂ ਹੀ ਖਣਿਜ ਪਦਾਰਥਾਂ ਦੀ ਮਾਤਰਾ ਵਧਦੀ ਜਾਂਦੀ ਹੈ। ਧਰਤੀ ਪੂਰਨ-ਪਾਲਣਹਾਰ ਹੈ। ਉਸ ਵਿੱਚ ਕੋਈ ਵੀ ਘਾਟ ਨਹੀਂ।
ਜੇਕਰ ਇਹ ਵਿਗਿਆਨਕ ਰਿਪੋਰਟ ਧਰਤੀ ਨੂੰ ਪੂਰਨ ਦੱਸਦੀ ਹੈ। ਤਾਂ ਸਾਡੇ ਖੇਤੀ ਵਿਗਿਆਨੀ ਮਿੱਟੀ ਟੈਸਟ ਕਰਵਾਉਣ ਉਪਰੰਤ ਇਹ ਕਿਉਂ ਕਹਿੰਦੇ ਹਨ ਕਿ ਧਰਤੀ ਵਿੱਚ ਪੋਟਾਸ਼ ਤਾਂ ਬਹੁਤ ਹੈ ਲੇਕਿਨ ਜੜ੍ਹਾਂ ਉਸਨੂੰ ਵਰਤ ਨਹੀਂ ਸਕਦੀਆਂ ਹਨ। ਇਸ ਲਈ ਇਹ ਉੱਪਰ ਤੋਂ ਹੀ ਪਾਉਣੀ ਪਵੇਗੀ। ਅਸਲ ਵਿੱਚ ਉਹ ਝੂਠ ਨਹੀਂ ਬੋਲ ਰਹੇ। ਸੱਚ ਕਹਿ ਰਹੇ ਹਨ। ਲੇਕਿਨ ਅੱਧਾ ਸੱਚ ਕਹਿੰਦੇ ਹਨ। ਭੂਮੀ ਵਿੱਚ ਲੋੜੀਂਦੇ ਤੱਤਾਂ ਦੇ ਭੰਡਾਰ ਹਨ। ਪਰੰਤੂ ਦੋ ਕਾਰਨਾਂ ਕਰਕੇ ਪੌਦੇ ਦੀਆਂ ਜੜ੍ਹਾਂ ਉਸ ਦੀ ਵਰਤੋਂ ਨਹੀਂ ਕਰ ਸਕਦੀਆਂ। ਪਹਿਲੀ ਗੱਲ ਕਿ ਜੜ੍ਹਾਂ, ਤੱਤਾਂ ਨੂੰ ਜਿਸ ਸ਼ਕਲ ਵਿੱਚ ਵਰਤ ਸਕਦੀਆਂ ਹਨ, ਉਹ ਉਸ ਸ਼ਕਲ ਵਿੱਚ ਨਹੀਂ ਹਨ। ਉਦਾਹਰਣ ਦੇ ਤੌਰ 'ਤੇ ਸਾਡੇ ਘਰ ਵਿੱਚ ਖਾਣ ਵਾਲੀਆਂ ਵਸਤਾਂ ਦਾ ਭੰਡਾਰ ਤਾਂ ਪਿਆ ਹੈ ਪਰ ਖਾਣਾ ਪਕਾਉਣ ਵਾਲੀ ਸਾਡੀ ਮਾਤਾ / ਭੈਣ / ਪਤਨੀ ਘਰ ਨਹੀਂ ਅਤੇ ਸਾਨੂੰ ਖੁਦ ਖਾਣਾ ਬਣਾਉਣਾ ਨਹੀਂ ਆਉਂਦਾ। ਅਸੀਂ ਭੁੱਖੇ ਤਾਂ ਨਹੀਂ ਸੌਂਣ ਲੱਗੇ।