


ਖੇਤੀ ਵਿਰਾਸਤ ਮਿਸ਼ਨ ਵੱਲੋਂ ਹਥਲੀ ਪੁਸਤਕ ਕਿਸਾਨਾਂ ਨੂੰ ਸੌਂਪਣ ਤੋਂ ਪਹਿਲਾਂ ਇਸ ਸਬੰਧ ਵਿੱਚ ਸਮੇਂ-ਸਮੇਂ ਬਹੁਤ ਗਹਿਰ-ਗੰਭੀਰ ਵਿਚਾਰ ਗੋਸ਼ਟੀਆਂ ਦਾ ਆਯੋਜਨ ਕੀਤਾ ਜਾਂਦਾ ਰਿਹਾ ਹੈ । ਡਾ. ਓਮ ਪ੍ਰਕਾਸ਼ ਰੁਪੇਲਾ ਦੀ ਯੋਗ ਅਗਵਾਈ ਵਿੱਚ ਇਹਨਾਂ ਵਿਚਾਰ ਗੋਸ਼ਟੀਆਂ ਵਿੱਚ ਸੂਬੇ ਭਰ ਦੇ ਸਿਰਮੌਰ ਕੁਦਰਤੀ ਖੇਤੀ ਕਿਸਾਨਾਂ ਨੇ ਭਾਗ ਲਿਆ ਅਤੇ ਨਤੀਜੇ ਵਜੋਂ ਕੁਦਰਤੀ ਖੇਤੀ ਤਹਿਤ ਕਣਕ ਦਾ ਝਾੜ ਵਧਾਉਣ ਲਈ ਪ੍ਰਯੋਗ ਸੁਝਾਉਂਦੀ ਇਸ ਪੁਸਤਕ ਦਾ ਜਨਮ ਹੋਇਆ। ਇਸ ਤੋਂ ਪਹਿਲਾਂ ਡਾ. ਰੁਪੇਲਾ ਨੇ ਕੁਦਰਤੀ ਖੇਤੀ ਵਿੱਚ ਕਣਕ ਦੇ ਘੱਟ ਝਾੜ ਦੇ ਕਾਰਨ ਸਮਝਣ ਅਤੇ ਇਸ ਸਬੰਧੀ ਆਪਣੀ ਸਮਗਰ ਸਮਝ ਬਣਾਉਣ ਹਿੱਤ ਪੰਜਾਬ ਦੇ ਬਠਿੰਡਾ, ਫ਼ਰੀਦਕੋਟ, ਫਾਜ਼ਿਲਕਾ, ਜਲੰਧਰ, ਬਰਾਨਾਲਾ, ਸੰਗਰੂਰ, ਪਟਿਆਲਾ ਅਤੇ ਮੋਹਾਲੀ ਜ਼ਿਲ੍ਹਿਆਂ ਵਿੱਚ ਕੁਦਰਤੀ ਖੇਤੀ ਕਰ ਰਹੇ ਕਿਸਾਨਾਂ ਦੇ ਖੇਤਾਂ ਦਾ ਦੌਰਾ ਕੀਤਾ। ਉਪਰੰਤ ਹਥਲੀ ਪ੍ਰਯੋਗ ਨਿਰਦੇਸ਼ਕਾ ਵਿਕਸਤ ਕਰਨ ਲਈ ਜੈਤੋ (ਫ਼ਰੀਦਕੋਟ), ਖੁੱਬਣ (ਫਾਜ਼ਿਲਕਾ), ਸਹੇਲੀ (ਪਟਿਆਲਾ) ਅਤੇ ਬਠਿੰਡਾ ਵਿਖੇ ਕਿਸਾਨਾਂ ਨਾਲ ਉਪਰੋਕਤ ਵਿਚਾਰ ਗੋਸ਼ਟੀਆਂ ਆਯੋਜਿਤ ਕੀਤੀਆਂ ਗਈਆਂ। ਇਹਨਾਂ ਗੋਸ਼ਟੀਆਂ ਵਿੱਚ ਭਾਗੀਦਾਰ ਕਿਸਾਨਾਂ ਨਾਲ ਹੋਏ ਵਿਚਾਰ-ਵਟਾਂਦਰੇ ਦੇ ਆਧਾਰ 'ਤੇ ਹੀ ਡਾ. ਰੁਪੇਲਾ ਨੇ ਇਹ ਪ੍ਰਯੋਗ ਨਿਰਦੇਸ਼ਕਾ ਤਿਆਰ ਕੀਤੀ ਹੈ। ਮੂਲ ਰੂਪ ਵਿੱਚ ਅੰਗਰੇਜ਼ੀ ਭਾਸ਼ਾ ਵਿੱਚ ਤਿਆਰ ਕੀਤੀ ਗਈ ਇਸ ਪ੍ਰਯੋਗ ਨਿਰਦੇਸ਼ਿਕਾ ਦਾ ਪੰਜਾਬੀ ਅਨੁਵਾਦ ਗੁਰਪ੍ਰੀਤ ਦਬੜ੍ਹੀਖਾਨਾ ਨੇ ਕੀਤਾ ਹੈ।