ਫਸਲ ਦੁਆਲੇ ਪੀਲੇ ਰੰਗ ਦੇ ਫੁੱਲ ਵਾਲੇ ਪੌਦੇ ਦੀਆਂ ਕਤਾਰਾਂ ਲਾਉਣਾ: ਜਿਆਦਾਤਰ ਕੀਟਾਂ ਦੇ ਬਾਲਗ ਪੀਲੇ ਰੰਗ ਦੇ ਫੁੱਲਾਂ ਵੱਲ ਵਧੇਰੇ ਆਕ੍ਰਸ਼ਿਤ ਹੁੰਦੇ ਹਨ ਅਤੇ ਉਹਨਾਂ 'ਤੇ ਹੀ ਅੰਡੇ ਵੀ ਦਿੰਦੇ ਹਨ। ਸੋ ਜੇਕਰ ਕਿਸਾਨ ਖੇਤਾਂ ਦੁਆਲੇ ਪੀਲੇ ਰੰਗ ਦੇ ਫੁੱਲਾਂ ਵਾਲੇ ਪੌਦੇ ਜਿਵੇਂ ਗੇਂਦਾ, ਸੂਰਜਮੁਖੀ, ਜੰਗਲੀ ਸੂਰਜਮੁਖੀ ਆਦਿ ਲਗਾ ਦੇਣ ਤਾਂ ਫਸਲ 'ਤੇ ਕੀਟ ਹਮਲੇ ਦੀਆਂ ਸੰਭਾਵਨਾਵਾਂ ਖਤਮ ਕੀਤੀਆਂ ਜਾ ਸਕਦੀਆਂ ਹਨ।
ਖੇਤਾਂ ਦੁਆਲੇ ਅਰਿੰਡ ਦੀ ਕਤਾਰ ਲਗਾਉਣਾ: ਨਰਮਾ ਅਤੇ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਪ੍ਰਤੀ ਏਕੜ 4-5 ਬੂਟੇ ਅਰਿੰਡ ਦੇ ਜਰੂਰ ਲਾਉਣੇ ਚਾਹੀਦੇ ਹਨ । ਇਹ ਤੰਬਾਕੂ ਦੀ ਸੁੰਡੀ ਟੋਕੇ ਤੋਂ ਛੁਟਕਾਰਾ ਪਾਉਣ ਦਾ ਬਹੁਤ ਕਾਰਗਰ ਤੇ ਨਾਯਾਬ ਤਰੀਕਾ ਹੈ। ਕਿਉਂਕਿ ਇਹਨਾਂ ਦੋਹਾਂ ਕਿਸਮਾਂ ਦੀਆਂ ਸੁੰਡੀਆਂ ਦੇ ਪਤੰਗ ਅਰਿੰਡ ਦੇ ਪੱਤਿਆਂ ਉੱਤੇ ਅੰਡੇ ਦੇਣਾ ਪਸੰਦ ਕਰਦੇ ਹਨ। ਕਿਸਾਨ ਨੇ ਸਿਰਫ ਅਰਿੰਡ ਦੇ ਬੂਟਿਆਂ ਦਾ ਨਿਰੀਖਣ ਹੀ ਕਰਨਾ ਹੈ। ਨਿਰੀਖਣ ਦੌਰਾਨ ਜਿੰਨੇ ਵੀ ਪੱਤਿਆਂ 'ਤੇ ਸੁੰਡੀਆਂ ਦੇ ਅੰਡੇ ਜਾਂ ਲਾਰਵੇ ਨਜ਼ਰ ਆਉਣ ਉਹਨਾਂ ਪੱਤਿਆਂ ਨੂੰ ਤੋੜ ਕੇ ਖੇਤ ਵਿੱਚ ਹੀ ਦੱਬ ਦਿਓ। ਕਿਸੇ ਵੀ ਕੀਟਨਾਸ਼ਕ ਦੀ ਲੋੜ ਨਹੀਂ ਪਵੇਗੀ।
ਲਾਈਟ ਟ੍ਰੈਪਸ- ਉਪ੍ਰੋਕਤ ਦੋਹੇਂ ਕਿਰਿਆਂਵਾਂ ਦੇ ਬਾਵਜੂਦ ਖੇਤਾਂ ਵਿੱਚ ਸੁੰਡੀਆਂ ਦੇ ਪਤੰਗਿਆਂ ਦੇ ਹੋਣ ਦੀ ਸੰਭਾਵਨਾ ਖਤਮ ਨਹੀਂ ਹੋ ਜਾਂਦੀ । ਸੋ ਹੋਰ ਵੀ ਜਿਆਦਾ ਪਤੰਗਿਆਂ ਨੂੰ ਖਤਮ ਕਰਨ ਲਈ ਖੇਤਾਂ ਵਿੱਚ ਮੋਟਰਾਂ ਵਾਲੇ ਕੋਠਿਆਂ 'ਤੇ ਲਾਈਟ ਟ੍ਰੈਪਸ ਲਾਉਣੇ ਚਾਹੀਦੇ ਹਨ। ਇਸ ਵਾਸਤੇ ਇੱਕ ਪਲਾਸਟਿਕ ਦੀ 5 ਲਿਟਰ ਵਾਲੀ ਪੀਪੀ ਦਾ ਉਪਰੋਂ ਥੋੜਾ ਛੱਡ ਕੇ ਕੱਟਿਆ ਹੋਇਆ ਹੇਠਲਾ ਹਿੱਸਾ, ਇੱਕ ਹੋਲਡਰ, 60 ਜਾਂ 100 ਵਾਟ ਦਾ ਇੱਕ ਬੱਲਬ, ਬਿਜਲੀ ਦੀ ਸਧਾਰਣ ਤਾਰ, ਇੱਕ ਬੱਠਲ, ਕੁੱਝ ਪਾਣੀ ਅਤੇ ਥੋੜੇ ਜਿੰਨੇ ਮਿੱਟੀ ਦੇ ਤੇਲ ਦਾ ਬੰਦੋਬਸਤ ਕਰੋ। ਕੱਟੀ ਹੋਈ ਪੀਪੀ ਵਿੱਚ ਹੋਲਡਰ ਫਿੱਟ ਕਰਕੇ ਉਸ ਵਿੱਚ ਬੱਲਬ ਚੜ੍ਹਾ ਕੇ ਬਿਜਲੀ ਦਾ ਕੁਨੈਕਸ਼ਨ ਦੇ ਦਿਓ। ਲਾਈਟ ਟ੍ਰੈਪ ਤਿਆਰ ਹੈ। ਹੁਣ ਬੱਠਲ ਵਿੱਚ ਮਿੱਟੀ ਦਾ ਤੇਲ ਮਿਲਿਆ ਪਾਣੀ ਪਾ ਕੇ ਇਸਨੂੰ ਲਾਈਟ ਟ੍ਰੈਪ ਦੇ ਹੇਠਾਂ ਰੱਖ ਦਿਓ। ਬੱਠਲ ਤੇ ਬੱਲਬ ਵਿੱਚ ਫਾਸਲਾ 1 ਜਾਂ 1.5 ਫੁੱਟ ਹੀ ਰਹਿਣਾ ਚਾਹੀਦਾ ਹੈ। ਬਹੁਤ ਸਾਰੇ ਪਤੰਗੇ ਬੱਲਬ ਵੱਲ ਆਕ੍ਰਸ਼ਿਤ ਹੋਣਗੇ।