1
ਤੈਂ ਕੀ ਦਰਦ ਨਾ ਆਇਆ
"ਸੁਰਮੇਲ ! ਭਲਾ ਬਾਬਾ ਨਾਨਕ ਏਮਨਾਬਾਦ ਕਤਲਾਮ ਉਤੇ ਕਿਉਂ ਤੜਪਿਆ ਸੀ ?" ਪ੍ਰੋਫੈਸਰ ਸੰਤੋਖ ਨੇ ਆਪਣੇ ਲੇਖਕ ਦੋਸਤ ਦੇ ਸਿਰ ਸਾਹਮਣੀ ਸੱਟ ਮਾਰ ਕੇ ਉਹਦੀ ਸੁੱਤੀ ਸੰਜੀਦਗੀ ਨੂੰ ਝੰਜੋੜਨਾ ਚਾਹਿਆ ।
ਲੇਖਕ ਸੁਰਮੇਲ ਨੇ ਹਉਕਾ ਭਰਿਆ ਅਤੇ ਪੂਰੀਆਂ ਅੱਖਾਂ ਪੁੱਟ ਕੇ ਪ੍ਰੋਫੈਸਰ ਨੂੰ ਬਣਾਇਆ: ਮੈਂ ਸੁੱਤਾ ਨਹੀ : ਜਿਹੜਾ ਘੋਲ ਮੇਰੇ ਅੰਦਰ ਚਲ ਰਿਹਾ ਹੈ, ਉਸ ਨੂੰ ਲੱਲ੍ਹੀ ਅੱਖ ਨਹੀਂ ਵੇਖ ਸਕਦੀ । ਕੋਈ ਵੀ ਜਾਗਦੀ ਜ਼ਮੀਰ ਸਮੇਂ ਦੇ ਸੱਚ ਤੋਂ ਅੱਖਾਂ ਨਹੀਂ ਮਾਣ ਸਕਦੀ। ਮਨੁੱਖਤਾ ਦੀ ਪੀੜ ਕਲਾਕਾਰ ਦੇ ਦਿਲ ਦਾ ਦਰਦ ਹੁੰਦਾ ਏ । ਅੱਖਾਂ ਮੀਟ ਲੈਣ ਵਾਲਾ ਜਜ਼ਬਾਤੀ ਦਿਲ ਪਾਗਲ ਹੋ ਜਾਵੇਗਾ, ਬਹੁਤ ਸਬਕ ਖੁਦਕਸ਼ੀ ਕਰੇਗਾ ਅਤੇ ਚਲਾਕ ਦਿਮਾਗ਼ ਬਾਬਰ ਦੀ ਲਹੂ ਭਿੱਜੀ ਤਲਵਾਰ ਦਾ ਮਿਆਨ ਬਣੇਗਾ । ਸੁਰਮੇਲ ਚਾਹੁੰਦਾ ਸੀ, ਸੰਤੋਖ ਮੇਰੀ ਰੂਹ ਤੱਕ ਉਤਰ ਕੇ ਵੇਖੋ । ਪਰ ਗੁਸੈਲੇ ਜੱਸ ਵਿਚ ਪ੍ਰੋਫੈਸਰ ਦਾ ਮਸੈਲਾ ਮੂੰਹ ਤੰਦੂਰ ਦੀ ਮੱਟੀ ਵਾਂਗ ਭਖਿਆ ਪਿਆ ਸੀ, ਤੱਤੇ ਤਾਂਅ ਉਸ ਮੁੜ ਆਖਿਆ ।
"ਤੈਨੂੰ ਦੇਸ਼ ਦਾ ਅਹਿੰਸਾਵਾਦੀ ਵਿਧਾਨ ਨੌਜਵਾਨਾਂ ਦੀ ਵਗਦੀ ਰੱਤ ਵਿਚ ਨੁੱਚੜਦਾ ਨਹੀਂ ਦਿਸਦਾ ? ਵਿਧਾਨ ਜਿਹੜਾ ਹਰ ਸ਼ਹਿਰੀ ਨੂੰ ਆਜ਼ਾਦੀ ਤੇ ਜਾਨਮਾਲ ਦੀ ਰਾਖੀ ਦੀ ਗਰੰਟੀ ਦੇਂਦਾ ਏ, ਅੱਜ ਕਾਗ਼ਜ਼ਾਂ ਦਾ ਭਿਜਾ ਦੱਬਾ ਹੋ ਕੇ ਨਹੀਂ ਰਹਿ ਗਿਆ ?"
ਲੇਖਕ ਨੇ ਤਹੱਮਲ ਨਾਲ ਆਪਣੇ ਦੋਸਤ ਦਾ ਮੋਢਾ ਥਾਪੜਿਆ ।
"ਦੋਸਤ ! ਇਹ ਅਨੋਖੀ ਗੱਲ ਨਹੀਂ। ਇਤਿਹਾਸ ਵਿਚ ਇਹ ਪਹਿਲੀ ਵਾਰ ਵੀ ਨਹੀਂ ਵਾਪਰਿਆ ।" ਹਰ ਲੁਟੇਰਾ ਨਜਾਮ ਕਈ ਪੱਖ ਦੀਆਂ ਤਬਾਹੀਆਂ ਨਾਲ ਲਿਆਉਂਦਾ ਹੈ। ਪਰ ਅੱਜ ਦੀ ਸਮਾਜੀ ਵੱਤ ਨਿਘਾਰ ਨੂੰ ਜਾ ਰਹੀ ਹੈ । ਸ਼ਾਇਦ ਮੇਰੋ ਲੋਕਾਂ ਨੂੰ ਨਜਾਤ ਲਈ ਲਹੂ ਦਾ ਛੇਵਾਂ ਦਰਿਆ ਪਾਰ ਕਰਨਾ ਪਵੇ । ਆ, ਤੈਨੂੰ ਕੋਫੀ ਪਿਆਵਾਂ ?" ਮੇਲੂ ਨੇ ਸੰਤੋਖ ਦੀ ਬਾਂਹ ਵਿਚ ਬਾਂਹ ਅੜਾ ਲਈ ।
"ਮੈਂ ਨਹੀਂ ਕੌਫੀ ਪੀਣੀ, ਤੇਰੇ ਕੋਲੋਂ ਬੁਰਜੂਆਜ਼ੀ ਦੀ ਬੂ ਆਉਂਦੀ ਏ।" ਉਹਦੀ ਨਾਂਹ ਵਿਚੋਂ ਹਾਂ ਨਖ਼ਰੇ ਕਰ ਰਹੀ ਸੀ ।
ਲੇਖਕ ਬੁਰਜੂਆ ਦੀ ਚੋਟ ਨਾਲ ਚਿੜ ਗਿਆ।
"ਸਾਲਿਆ ਬੋਹੜਪੱਟ ਦਿਆ, ਤੇਰੀ ਪਾਰਟੀ ਵਾਲੇ ਜਦੋਂ ਚੰਦਾ ਲੈ ਜਾਂਦੇ ਐ ; ਓਦੋਂ ਮੈਂ ਪ੍ਰੋਲੋਤਾਰੀ ਹੋ ਜਾਂਦਾ ਆਂ ? ਮਾਰਕਸ, ਐਂਗਲਜ਼ ਤੇ ਲੈਨਿਨ ਕੌਣ ਸਨ ?" ਉਸ ਨਰਮ ਪੈਂਦਿਆਂ ਆਖਿਆ, ''ਦੇਖ, ਸੀਰੀ ਜੱਟ ਦਾ ਹਲ ਵਾਹ ਕੇ ਛੇਵਾਂ ਹਿੱਸਾ ਲੈਂਦਾ ਹੈ । ਰੋਟੀ ਚਾਹ ਜਣ ਦੇ ਸਿਰੋਂ ਖਾਦਾ ਏ । ਪਰ ਮੈਂ ਕਿਤਾਬਾਂ, ਕਾਗਜ਼, ਸਿਆਹੀ, ਕਲਮ, ਫੇਰੇ ਤੇਰੇ ਦੇ ਖ਼ਰਚੇ ਆਪਣੇ ਕਰਕੇ ਤੇ ਰੋਟੀ ਚਾਹ ਆਪਣੀ ਖਾ ਕੇ ਪਬਲਿਸ਼ਰਾਂ ਤੋਂ ਸੱਤਵਾਂ ਹਿੱਸਾ ਲੈਂਦਾ ਹਾਂ, ਕਦੇ ਕਦੇ ਵੀਹਵਾਂ।