ਉਭਰੀ ਲੀਕ ਵੇਖ ਕੇ ਮੇਲ੍ਹ ਮੁਸਕਾ ਪਿਆ। ਉਹ ਬਿਲ ਦੇ ਕੇ ਆਪਣੇ ਦੋਸਤ ਨਾਲ ਬਾਹਰ ਆ ਗਿਆ । ਰੈਸਤੋਰਾਂ ਦੇ ਅੰਦਰ ਪਤਾ ਨਹੀਂ ਕਿਹੋ ਜਿਹਾ ਸੰਘਟ ਸੀ ਕਿ ਸਾਹ ਖਿੱਚ ਕੇ ਲੈਣਾ ਪੈਂਦਾ ਸੀ । ਬਾਹਰਲੀ ਤਾਜਾ ਹਵਾ ਅਤੇ ਰੌਣਕ ਨੇ ਦੋਹਾਂ ਨੂੰ ਇਕ ਵਾਰ ਖੇੜੇ ਵਿਚ ਲੈ ਆਂਦਾ । ਮੇਲ੍ਹ ਨੇ ਉਸ ਨੂੰ ਟਕੋਰਾਂ ਦੇ ਜਵਾਬ ਵਿਚ ਆਖਿਆ ।
"ਸੰਤੋਖ ! ਝੂਠ ਅਤੇ ਕੱਚ ਨੂੰ ਤਾਰੀਖ਼ ਨੇ ਹਰ ਮੋੜ ਉਤੇ ਥੁੱਕ ਦਿਤਾ ਹੈ । ਜਿਹੜੇ ਕਦਮਾਂ ਨੂੰ ਲੋਕਾਂ ਦਾ ਵਿਸ਼ਵਾਸ ਨਹੀਂ ਮਿਲਦਾ, ਉਹ ਛੇਤੀ ਹੀ ਉਖੜ ਜਾਂਦੇ ਹਨ । ਮੈਂ ਹੁੰਗਾਰਾ ਵੀ ਭਰਾਂਗਾ, ਸਾਥ ਵੀ ਦਿਆਂਗਾ, ਪਰ ਮੈਨੂੰ ਸ਼ਹੀਦਾਂ ਦੇ ਲਹੂ ਦੀ ਬੂੰਦ ਬੂੰਦ ਨਾਲ ਸੰਘਣੀ ਭਿਆਲੀ ਪਾ ਲੈਣ ਦੇ । ਮੇਰੀ ਆਤਮਾ ਇਸ ਨੂੰ ਆਪਣੇ ਸਿਰ ਕਰਜ਼ਾ ਸਮਝਦੀ ਹੈ । ਸੱਚ ਸਾਹਿਤ ਦੀ ਪਹਿਲੀ ਪੌੜੀ ਐ। ਕਲਿਆਣਕਾਰੀ, ਸੂਖ਼ਮ ਤੇ ਕਲਾਕਾਰੀ ਉਹਦੇ ਅਗਲੇ ਪੜਾਅ । ਇਕ ਫੁੱਲ ਨੂੰ ਮਹਿਕ ਪੈਦਾ ਕਰਨ ਲਈ ਬੜੀ ਲੰਮੀ ਸਾਧਨਾਂ ਕਰਨੀ ਪੈਂਦੀ ਹੈ । ਫੇਰ ਹੀ ਕਿਤੇ ਜਾ ਕੇ ਉਹ ਸਾਰੇ ਤੱਤਾਂ ਦਾ ਖਾਧਾ ਉਧਾਰ ਮੌੜਨ ਦੇ ਜੱਗ ਹੁੰਦਾ ਏ । ਜਿਵੇਂ ਸਿਆਸਤ ਨਾਅਰੇ ਤੇ ਲਲਕਾਰੇ ਵਿਚ ਸ਼ਰਕ ਰਖਦੀ ਹੈ ; ਓਵੇਂ ਆਤਮ ਤੇ ਅਨਾਤਮ ਵਿਚ ਢੇਰ ਅੰਤਰ ਏ । ਤੂੰ ਮੈਨੂੰ ਵਚਨ ਦੇਹ ਲਹੂ ਡੁੱਲ੍ਹੇ ਵਾਤਾਵਰਣ ਨੂੰ ਕਲਾਵੇ 'ਚ ਲੈਣ ਲਈ ਮੇਰੀ ਸਹਾਇਤਾ ਕਰੇਂਗਾ ।" ਲੇਖਕ ਨੇ ਆਪਣਾ ਚੌੜਾ ਹੱਥ ਦੋਸਤ ਵਲ ਖੋਹਲ ਦਿਤਾ।
"ਹਰ ਤਰ੍ਹਾਂ ਮੇਰੇਆਰ !" ਸੰਤੋਖ ਨੇ ਭਰਪੂਰ ਖ਼ੁਸ਼ੀ ਨਾਲ ਹੱਥ ਫੜ ਕੇ ਘੁਟ ਲਿਆ । "ਬੰਦਾ ਹਾਜ਼ਰ ਜਨਾਬ, ਦਿਨੇ ਰਾਤ ਅੰਦਰ ਉਤੇ, ਜਿਵੇਂ ਮਰਜ਼ੀ ਵਾਹ ।"
"ਬਸ ਠੀਕ ਐ, ਤੇਰੀ ਸਰਦਾਰਨੀ ਜਿਉਂਦੀ ਵਸਦੀ ਰਹੋ ।" ਸੁਰਮੇਲ ਆਪਣੇ ਆੜੀ ਨੂੰ ਅਸੀਸ ਦੇ ਕੇ ਹੱਸ ਪਿਆ। "ਹਾਂ ਸੱਚ ਤੂੰ ਘਰਵਾਲੀ ਦੀ ਸਿਹਤ ਬਾਰੇ ਕੁਝ ਦੱਸਿਆ ਈ ਨਹੀਂ ?"
''ਘਰ ਵਾਲੀ ਵੀ ਮੈਨੂੰ ਬਰੀਕ ਤਾਪ ਈ ਚੰਬੜੀ ਏ ।" ਉਹਦੇ ਅੰਦਰੋਂ ਕੋਈ ਬੇਸੁਰੀ ਤਾਰ ਝਟਕਾ ਖਾ ਗਈ ।
"ਏਸੇ ਕਾਰਨ ਮੈਂ ਤੈਨੂੰ ਅਨਾੜੀ ਸਮਝਦਾ ਆ। ਜ਼ਿੰਮੇਵਾਰੀਆਂ ਅਤੇ ਮਜਬੂਰੀਆਂ ਹੀ ਇਕ ਦਿਨ ਇਨਕਲਾਬ ਦੀ ਮਾਂ ਬਣਦੀਆਂ ਹਨ । ਤੂੰ ਜ਼ਿੰਦਗੀ ਦੇ ਨਿੱਘੇ ਸਾਥ ਨੂੰ ਜੰਜਾਲ ਸਮਝਦਾ ਏਂ । ਇਕ ਤਾਂ ਜ਼ਿੰਦਗੀ ਦੇ ਦੁਸ਼ਮਣ ਅਥਵਾ ਕਾਤਲ ਹੁੰਦੇ ਈ ਹਨ ; ਪਰ ਇਕ ਸਕੇ ਸੌਂਦਰ ਜ਼ਿੰਦਗੀ ਨੂੰ ਪਿਆਰ ਕਰਨ ਲਗੇ ਜ਼ਿਬਾਹ ਕਰ ਕੇ ਰੱਖ ਦੇਂਦੇ ਹਨ। ਬਹੁਤਾ ਰੌਣਾ ਕੀਹਦੇ ਕਰਤੱਵ ਉਤੇ ਆਏਗਾ ? ਸ਼ਿਬਲੀ ਦੇ ਫੁੱਲਾਂ ਉਤੇ, ਹੈ ਨਾਂ ?" ਯਾਰ ਨੇ ਯਾਰ ਦੀ ਦੁਖਦੀ ਰਗ ਫੜ ਲਈ । *
"ਇਹ ਤੇਰੇ ਖੂਬਸੂਰਤ ਲਫਜ਼ਾਂ ਦੀ ਠੱਗੀ ਐ।"ਸੰਤੋਖ ਇਕ ਤਰ੍ਹਾਂ ਚਿੜ੍ਹ ਗਿਆ।
"ਤੂੰ ਮੰਨ ਭਾਵੇਂ ਨਾ ਮੰਨ, ਪਰ ਸਾਹਿਤ ਤੇ ਸਿਆਸਤ ਨੂੰ ਇਕ ਸੁਰ ਹੋਏ ਬਿਨਾਂ ਨਹੀਂ ਸਰਨਾ ।"
"ਤੂੰ ਸੁਰਮੇਲ ਕਿਉਂ ਨਹੀਂ ਕਹਿ ਦੇਂਦਾ ।" ਉਹ ਦੋਵੇਂ ਹਸ ਪਏ।
"ਇਨਕਲਾਬ ਤਾਂ ਜ਼ਾਮਨ ਹੈ ਜ਼ਿੰਦਗੀ ਦੇ ਸੁਹਾਗ ਦਾ, ਜਿਸ ਤੋਂ ਤੂੰ ਵਾਗਾਂ ਤੁੜਾ ਕੇ ਨੱਠਿਆ ਚਾਹੁੰਦਾ ਏਂ । ਜ਼ਿੰਦਗੀ ਲਈ ਇਨਕਲਾਬ ਪੈਦਾ ਕਰਨਾ ਤੇ ਜ਼ਿੰਦਗੀ ਤੋਂ ਹੀ ਖਿਸ਼ਕੰਦਰ ਸਿਹੁੰ ਹੋਣਾ ; ਵਾਹ ਮੇਰੇ ਬੋਹੜਪੱਟ !"