ਸਾਹਿਤਕਾਰ ਦਾ ਕਰਤੱਵ
ਨੇਕੀ ਅਤੇ ਬੁਰਾਈ ਦੀ ਜੰਗ ਨੇ ਰਹਿਣਾ ਹੀ ਰਹਿਣਾ ਹੈ । ਸਮੱਸਿਆ ਇਸ ਜੱਦੋਜਹਿਦਾ ਵਿਚ ਲੇਖਕ ਦੇ ਕਿਰਦਾਰ ਦੀ ਹੈ, ਉਸ ਸ਼ੈਤਾਨ ਦਾ ਸਾਥ ਦੇਣਾ ਹੈ, ਜਾਂ ਆਦਮ ਦੀ ਵਰਾਸਤ ਨੂੰ ਅਗੇ ਵਧਾਉਣਾ ਹੈ। ਇਸ ਮੁੱਖ ਗੱਲ ਨੂੰ ਜਾਣਦਾ ਹੋਇਆ ਵੀ ਅੱਜ ਦਾ ਲੇਖਕ ਮੁੜ ਦੋਰਾਹਾ ਮੱਲੀ ਖਲੱਤਾ ਹੈ । ਜਦੋਂ ਇਕ ਚੇਤੰਨ ਲੇਖਕ ਦੁਬਧਾ ਦੇ ਦੋਰਾਹੇ ਵਿੱਚ ਲੱਤਾਂ ਅੜਾ ਕੇ ਖਲੋ ਜਾਂਦਾ ਏ. ਉਹ ਸੰਤਾਨ ਦੀ ਖੂਬਸੂਰਤੀ ਬਿਆਨ ਕਰਦਾ ਹੈ । ਉਸ ਦੇ ਝੂਠ ਨੂੰ ਦਲੀਲ ਦੀ ਪੇਂਟ ਨਾਲ ਸੱਚ ਬਣਾ ਕੇ ਲਿਸ਼ਕਾਂਦਾ ਹੈ । ਕਲਾ ਨਾਲ ਉਸ ਦੇ ਨਕਸ਼ ਨਿਖਾਰ ਨਿਖਾਰ ਲੋਕਾਂ ਅਗੇ ਲਿਆਂਦਾ ਹੈ । ਪਰ ਅਜਿਹੇ ਲੇਖਕ ਦੀ ਜ਼ਮੀਰ ਉਹਦੇ ਅੰਦਰ ਗੁਰਜਾਂ ਮਾਰਦੀ ਹੈ—ਸੂਈਆਂ ਚੱਭਦੀ ਹੈ। ਮਨੁੱਖੀ ਪੈਂਤੜੇ ਤੋਂ ਉਖੜਿਆ ਲੇਖਕ ਹਮੇਸ਼ਾਂ ਲਈ ਸ੍ਵੈ ਦਾ ਦੁਖਾਂਤ ਭੋਗਦਾ ਹੈ । ਮਨੁੱਖਤਾ ਦਾ ਵਿਸ਼ਵਾਸਘਾਤੀ ਹੋ ਕੇ ਜੀਣਾ ਉਸ ਨੂੰ ਖ਼ੁਦਕਸ਼ੀ ਲਗਦਾ ਹੈ । ਉਹ ਇਸ ਦੁਖਾਂਤ ਤੋਂ ਛੁਟਕਾਰਾ ਭਾਲਦਾ ਹੈ ; ਪਰ ਗਲਤ ਹੋਣੀਆਂ ਦਾ ਤੰਦੂਆ ਉਸ ਨੂੰ ਆਪਣੀਆਂ ਲੱਤਾਂ ਬਾਹਾਂ ਵਿਚ ਲਪੇਟ ਲੈਂਦਾ ਹੈ । ਉਹ ਖ਼ੁਦਗਰਜ਼ ਹੋ ਜਾਂਦਾ ਹੈ ।
ਬੁਰਾਈ ਨਾਲ ਟੱਕਰ ਲੈਣ ਵਾਲੇ ਨੂੰ ਮਨੁੱਖੀ ਇਤਿਹਾਸ ਨੇ ਆਦਮ ਦਾ ਜਾਇਆ, ਸੂਰਮਾ, ਹੀਰ ਤੇ ਸ਼ਹੀਦ ਤੱਕ ਆਖਿਆ ਹੈ। ਜ਼ਿੰਦਗੀ ਦੇ ਡਰਾਮੇ ਵਿਚ ਹੀਰ ਨਾ ਹੋਵੇ ; ਨਾ ਡਰਾਮਾ ਖੋਲ੍ਹਿਆ ਜਾਂਦਾ ਹੈ ਤੇ ਨਾ ਹੀ ਜ਼ਿੰਦਗੀ ਹਾਸਲ ਹੁੰਦੀ ਹੈ । ਜ਼ਿੰਦਗੀ ਦਾ ਹਾਣੀ ਆਦਮ-ਹੈ ਸ਼ੈਤਾਨ ਨਹੀਂ ।
ਮਨੁੱਖਤਾ ਦਾ ਦੇਣ ਦਿਤੇ ਬਿਨਾਂ ਕੋਈ ਲੇਖਕ ਸੁਰਖਰੂ ਨਹੀਂ ਹੋ ਸਕਦਾ। ਸਮੇਂ ਦਾ ਸੱਚ ਬਣ ਸਕਦਾ ਆਖੇ ਬਿਨਾਂ ਉਹ ਲੋਕਾਂ ਦਾ ਜਾਇਆ ਨਹੀਂ, ਬਣ ਸਕਦਾ। ਔਕੜਾਂ ਨੂੰ ਵੰਗਾਰਨਾ ਆਦਮ ਦੀ ਪੁਰਾਣੀ ਲਲਕਾਰ ਹੈ । ਲੋਕਾਂ ਨਾਲ ਜੀਣਾ, ਲੋਕਾਂ ਨਾਲ ਹੀ ਮਰਨਾ ਲੇਖਕ ਦਾ ਕਰਤੱਵ ਹੈ । ਕਰਤੱਵ ਦੀ ਪਾਲਣਾ ਉਹਦਾ ਮੁੱਢਲਾ ਧਰਮ ਹੈ ।
ਜਸਵੰਤ ਸਿੰਘ ਕੰਵਲ