ਕੇਲੋਂ ਦੇ ਗਲ ਲਗੀ ਵੇਲ
ਦਿਉਦਾਰ ਚੀੜ ਆਦਿ ਦੀ ਭਾਂਤ ਵਿਚੋਂ ਪਹਾੜ ਵਿਚ ਇਕ ਨੂੰ ਕੋਲੋਂ ਆਖਦੇ ਹਨ। ਇਕ ਵੇਲ ਇਸ ਪਰ ਚੜ੍ਹੀ ਹੋਈ ਸੀ, ਇਕ ਅਯਾਲੀ ਵੇਲ ਤੋੜ ਮਰੋੜ, ਧੂਹ ਧਾਹਕੇ ਹੇਠਾਂ ਲਾਹ ਰਿਹਾ ਸੀ ਜੇ ਆਪਣੇ ਅੱਯੜ ਨੂੰ ਪਾਵੇ, ਵੇਲ ਦੀ ਅਯਾਲੀ ਅਗੇ ਮਾਨੇ ਉਸ ਵੇਲੇ ਦੀ ਪੁਕਾਰ ਇਹ ਹੈ :-
ਹਾਇ, ਨਾ ਧਰੀਕ ਸਾਨੂੰ,
ਹਾਇ, ਵੇ ਨ ਮਾਰ ਖਿੱਚਾਂ,
ਹਾਇ, ਨਾ ਵਿਛੋੜ
ਗਲ ਲੱਗਿਆਂ ਨੂੰ ਪਾਪੀਆ।
ਹਾਇ, ਨਾਂ ਤਰੁੱਕੇ ਮਾਹੀਂ,
ਖਿੱਚ ਨਾ ਫਟੱਕੇ ਦੇ ਦੇ,
ਵਰ੍ਹਿਆਂ ਦੀ ਲੱਗੀ ਸਾਡੀ
ਤੋੜ ਨਾ ਸਰਾਪੀਆ।
ਹਾਇ, ਨਾਂ ਵਲੂੰਧਰੀਂ ਵੇ!
ਸੱਟਾਂ ਨਾਂ ਉਤਾਰ ਭੁੰਞੇ,
ਸਜਣ ਗਲੋਂ ਟੁੱਟੀਆਂ
ਹੋ ਜਾਸਾਂ ਇਕਲਾਪੀਆ।
ਮੇਰੇ ਹੱਡ ਤਾਣ ਨਾਹੀਂ,
ਸੱਕਾਂ ਨਾ ਖੜੋਇ ਪੈਰੀਂ
ਖੜੀ ਸਜਣ ਆਸਰੇ ਹਾਂ,
ਅਬਲਾ ਮੈਂ ਅਮਾਪੀਆ।